'ਆਹੋ, ਪਹਿਲਾਂ-ਪਹਿਲਾਂ ਤਾਂ ਸਰਕਾਰ ਵੀ ਇਨ੍ਹਾਂ ਦਾ ਮਖੌਲ ਈ ਸਮਝਦੀ ਰਹੀ। ਬਈ, ਅਲਮਸਤ ਵਹਿੜਕੇ ਨੇ, ਖੌਰੂ ਪਾ-ਪਾ ਥੱਕ ਗਏ ਤਾਂ ਆਪੇ ਨਿੱਸਲ ਹੋ ਕੇ ਬੈਠ ਜਾਣਗੇ।' ਮੈਂਗਲ ਨੇ ਉਹਦਾ ਹੁੰਗਾਰਾ ਭਰਿਆ।
'ਫੇਰ ਤਾਂ ਬਈ ਜਦੋਂ ਵਿਗੜ ਗਈ ਕਹਾਣੀ, ਫੇਰ ਕਦ ਸੂਤ ਦੀ ਐ। ਦਿੱਲੀ ਸਰਕਾਰ ਨਰੰਗੇ ਦੇ ਰਾਹ ਤੁਰ ਪਈ। ਓਹੀ ਫਰੰਗੀ ਆਲੀਆਂ ਚਾਲਾਂ ਇਨ੍ਹਾਂ ਦੀਆਂ। ਹੁਣ ਦੇਖ ਫੇਰ, ਕਿੱਥੇ ਪਹੁੰਚ ਗਈ ਗੱਲ।
ਇਹ ਗੱਲਾਂ ਉਹ ਕਰ ਹੀ ਰਹੇ ਸਨ ਕਿ ਉਨ੍ਹਾਂ ਨੇ ਆਪਣੇ ਵੱਲ ਮੁਕੰਦ ਨੂੰ ਆਉਂਦੇ ਦੇਖਿਆ। ਖੇਸ ਦੀ ਬੁੱਕਲ ਮਾਰੀ ਹੋਈ ਤੇ ਦੋਵੇਂ ਹੱਥ ਪਿਛਾਂਹ ਵੱਲ ਕੀਤੇ ਹੋਏ। ਉਹ ਛੇਤੀ-ਛੇਤੀ ਤੁਰਿਆ ਆ ਰਿਹਾ ਸੀ। ਅੱਖਾਂ ਜ਼ਮੀਨ 'ਤੇ ਸਨ।ਉਹ ਉਨ੍ਹਾਂ ਦੇ ਕੋਲ ਦੀ ਚੁੱਪ ਕੀਤਾ ਹੀ ਲੰਘ ਗਿਆ। ਇਸ ਵਾਰ ਤਾਂ ਉਹ ਉਨ੍ਹਾਂ ਵੱਲ ਝਾਕਿਆ ਵੀ ਨਾ। ਮੈਂਗਲ ਨੇ ਉਹਨੂੰ ਮਗਰੋਂ ਹੀ ਹਾਕ ਮਾਰ ਲਈ-'ਮੁਕੰਦ ਸਿਆਂ, ਹੱਡੀ ਤੇਰੀ?'
ਉਹ ਪਿਛਾਂਹ ਵੱਲ ਗਰਦਨ ਭੰਵਾ ਕੇ ਬੋਲਿਆ-ਖੂਹ 'ਚ।' ਉਹਦਾ ਭਰੜਾਇਆ ਬੋਲ ਸੁਣ ਕੇ ਉਹ ਖੂਹ ਦੇ ਨਾਉਂ ਤੋਂ ਹੋਰ ਵੀ ਭੈਅ ਭੀਤ ਹੋ ਗਏ।
ਚੌਥੇ-ਪੰਜਵੇਂ ਦਿਨ ਉਹ ਦੋਵੇਂ ਨਿੱਤ ਵਾਂਗ ਹੀ ਸੱਥ ਵਿੱਚ ਬੈਠੇ ਹੋਏ ਸਨ ਕਿ ਸਦੇਹਾਂ ਸੂਰਜ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਨੇ ਮੁਕੰਦ ਨੂੰ ਦੇਖਿਆ। ਉਹਦੇ ਸਿਰ 'ਤੇ ਖਾਲੀ ਟੋਕਰਾ ਸੀ। ਖੇਸ ਦੀ ਬੁੱਕਲ ਮਾਰੀ ਹੋਈ। ਇੱਕ ਹੱਥ ਉਹਨੇ ਟੋਕਰੇ ਨੂੰ ਪਾਇਆ ਹੋਇਆ ਤੇ ਇੱਕ ਹੱਥ ਢਾਕ 'ਤੇ, ਕੂਹਣੀ ਖੇਸ ਤੋਂ ਬਾਹਰ ਨਿਕਲੀ ਦਿਸ ਰਹੀ ਸੀ।
ਇਨ੍ਹਾਂ ਚਾਰ-ਪੰਜ ਦਿਨਾਂ ਵਿੱਚ ਮੁਕੰਦ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਉੱਡ ਚੁੱਕੀਆਂ ਸਨ। ਮੁਕੰਦ ਦੀ ਘਰਵਾਲੀ ਨੂੰ ਪੁੱਤ ਮੁੱਕੇ ਦਾ ਦੁੱਖ ਛੱਡ ਕੇ ਹੁਣ ਉਹਦਾ ਫ਼ਿਕਰ ਪੈ ਗਿਆ। ਗਵਾਂਢੀ ਘਰਾਂ ਵਿੱਚ ਚਰਚਾ ਸੀ ਕਿ ਮੁਕੰਦ ਆਪਣੇ ਮੁੰਡੇ ਨੂੰ ਜਿਉਂਦਾ ਸਮਝੀ ਬੈਠਾ ਹੈ। ਉਹ ਕਹਿੰਦਾ ਹੈ ਕਿ ਪੁਲਿਸ ਵਾਲੇ ਉਹ ਦੇ ਪੁੱਤ ਦੇ ਸਰੀਰ ਦਾ ਇੱਕ ਅੰਗ ਵੱਢਦੇ ਹਨ ਤੇ ਰਾਤ ਨੂੰ ਚੋਰੀਓਂ ਉਨ੍ਹਾਂ ਦੇ ਘਰ ਦੇ ਵਿਹੜੇ ਵਿੱਚ ਸੁੱਟ ਜਾਂਦੇ ਹਨ। ਉਹ ਓਸ ਹੱਡੀ ਨੂੰ ਖੂਹ ਵਿੱਚ ਸੁੱਟ ਆਉਂਦਾ ਹੈ। ਧਾਰਮਿਕ ਬਿਰਤੀ ਵਾਲਾ ਬੰਦਾ ਹੈ। ਉਹਦਾ ਵਿਸ਼ਵਾਸ ਹੈ ਕਿ ਜਿਵੇਂ ਰਾਜਾ ਸਲਵਾਨ ਦੇ ਪੁੱਤ ਪੂਰਨ ਭਗਤ ਦੇ ਹੱਥ ਖੂਹ ਵਿਚੋਂ ਨਿਕਲ ਕੇ ਉਹਦੀਆਂ ਬਾਹਵਾਂ ਨਾਲ ਜੁੜ ਗਏ ਸਨ, ਏਦਾਂ ਹੀ ਇੱਕ ਦਿਨ ਉਹਦੇ ਪੁੱਤ ਪਰਤਾਪ ਦੀਆਂ ਹੱਡੀਆਂ ਖੂਹ ਵਿਚੋਂ ਨਿਕਲ ਆਉਣਗੀਆਂ ਤੇ ਉਹ ਸਾਬਤ-ਸਬੂਤ ਘਰ ਪਰਤ ਆਵੇਗਾ।
ਉਸ ਦਿਨ ਉਨ੍ਹਾਂ ਨੇ ਉਸ ਨੂੰ ਬੁਲਾਇਆ ਨਹੀਂ। ਉਸ ਨਾਲ ਕੋਈ ਵੀ ਗੱਲ ਕਰਨੀ ਉਹ ਦੇ ਦੁੱਖ ਨਾਲ ਇੱਕ ਮਜ਼ਾਕ ਹੀ ਤਾਂ ਸੀ। ਉਹ ਅਬਾ-ਤਬਾ ਬੋਲਦਾ। ਗੰਭੀਰ ਵੀ ਪੂਰਾ ਰਹਿੰਦਾ। ਉਹਦੀਆਂ ਅੱਖਾਂ ਵਿੱਚ ਕੋਈ ਭਿਆਨਕ ਤੇ ਰੋਹਲਾ ਰੰਗ ਬੈਠ ਗਿਆ ਸੀ। ਉਹਦੇ ਪੁੱਤ ਦਾ ਦਰਦ ਗਵਾਂਢੀ ਘਰਾਂ ਵਿੱਚ ਇੱਕ ਸਹਿਮ ਬਣ ਕੇ ਫੈਲਿਆ ਹੋਇਆ ਸੀ, ਪਰ ਉਸ ਦਿਨ ਉਹ ਖ਼ੁਦ ਹੀ ਜਾਂਦਾ-ਜਾਂਦਾ ਬੋਲਿਆ-ਅੱਜ ਤਾਂ ਟੋਕਰਾ ਭਰਿਆ ਸੁੱਟ ਕੇ ਆਇਆਂ ਖੂਹ ਚ।
'ਇਹਨੂੰ ਹੁਣ ਸਮਝਾਈਏ ਵੀ ਤਾਂ ਕੀ? ਪੁੱਤ ਮੁੱਕ ਗਿਆ, ਮੁੜਦਾ ਤਾਂ ਹੈਂ ਨੀਂ। ਹੁਣ ਤਾਂ ਵਾਖਰੂ ਦਾ ਨਾਉਂ ਰਹਿ ਗਿਆ ਬੱਸ।ਦਮਾਕ ਹਿਲਾਈ ਫਿਰਦੈ।' ਮੈਂਗਲ ਨੇ ਉਹਦਾ ਝੋਰਾ ਕੀਤਾ।
150
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ