ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਫੇਰ ਇੱਕ ਹੋਰ ਬੰਦਾ ਅਚਾਨਕ ਆ ਕੇ ਦੱਸਦਾ ਹੈ, 'ਦੇਖੋ ਜੀ, ਟਰੱਕ ਦਾ ਭੋਰਾ ਨਹੀਂ ਵਿਗੜਿਆ। ਡਰਾਈਵਰ ਉਤਰ ਕੇ ਭੱਜ ਗਿਆ। ਟਰੱਕ ਲੋਹੇ ਦਾ ਭਰਿਆ ਹੋਇਆ ਸੀ। ਟਰੱਕ ਆਲੇ ਨੇ ਵੱਟਿਆ ਨਹੀਂ। ਓਧਰ ਖ਼ਤਾਨਾਂ ਸਾਹਮਣਿਓਂ ਆਉਂਦਾ ਸੀ ਟਰੱਕ। ਬੱਸ ਜੀ ਟਰੱਕ ਬਚਾਉਂਦਾ-ਬਚਾਉਂਦਾ ਬੱਸ ਦਾ ਡਰਾਈਵਰ ਘਬਰਾ ਗਿਆ। ਬੱਸ ਸੀ ਤੇਜ਼। ਸੱਜੇ ਪਾਸੇ ਟਰੱਕ, ਖੱਬੇ ਖਤਾਨ। ਸਾਹਮਣੇ ਇੱਕ ਮੋਟੀ ਕਿੱਕਰ ਵਿੱਚ ਜਾ ਵੱਜੀ ਬੱਸ।ਬੱਸ ਜੀ, ਨਾਲ ਦੀ ਨਾਲ ਫ਼ਨਾਹ ਹੋ ਗਈ। ਖ਼ਤਾਨ ਡੂੰਘਾ ਬਹੁਤ ਸੀ। ਖ਼ਤਾਨ ਚ ਡਿੱਗੀ ਬੱਸ ਕਿਵੇਂ ਬਚਦੀ?'

ਜਿਵੇਂ ਮੇਰੇ ਮੂੰਹ ਨੇ ਨਹੀਂ, ਸਾਰੇ ਸਰੀਰ ਨੇ ਸਵਾਲ ਕੀਤਾ ਹੋਵੇ, 'ਤਾਂ ਕੀ ਬੱਸ ਵਿੱਚ ਧਮਾਕਾ ਕੋਈ ਨਹੀਂ ਹੋਇਆ?'

'ਨਾ ਜੀ, ਧਮਾਕੇ ਵਾਲੀ ਕਿਹੜੀ ਗੱਲ ਆਖੀ ਤੁਸੀਂ? ਐਕਸੀਡੈਂਟ ਹੋਇਐ।'

'ਐਕਸੀਡੈਂਟ?'

'ਹੋਰ ਜੀ। ਬੰਬ ਧਮਾਕੇ ਵਾਲੀ ਗੱਲ ਤਾਂ ਐਵੇਂ ਉਡਾ ਦਿੱਤੀ ਸੀ ਕਿਸੇ ਨੇ। ਐਕਸੀਡੈਂਟ ਹੋਇਐ ਇਹ ਤਾਂ। ਆਪਣੇ ਸ਼ਹਿਰ ਦੇ ਪੰਜਾਹ ਬੰਦੇ ਅੱਖੀਂ ਦੇਖ ਕੇ ਆਏ ਐ।'

'ਸੜਕ ਦੇ ਚੌਰਾਹੇ ਤੋਂ ਹਟ ਕੇ ਕਾਹਲੇ ਕਦਮੀਂ ਮੈਂ ਘਰ ਨੂੰ ਆ ਰਿਹਾ ਹਾਂ। ਮੇਰੇ ਚਿਹਰੇ 'ਤੇ ਤਸੱਲੀ ਦੇ ਭਾਵ ਹਨ। ਘਰ ਆ ਕੇ ਪਤਨੀ ਨੂੰ ਰੋਟੀ ਪਕਾਉਣ ਲਈ ਆਖਦਾ ਹਾਂ। ਭੁੱਖ ਲੱਗੀ ਹੋਈ ਹੈ। ਮੇਰਾ ਖਿੜਿਆ ਚਿਹਰਾ ਦੇਖ ਕੇ ਉਹ ਪੁੱਛਦੀ ਹੈ, 'ਕੀ ਗੱਲ ਜੀ, ਹੁਣੇ ਤਾਂ ਉਦਾਸ ਚਿਹਰਾ ਲੈ ਕੇ ਗਏ ਸੀ। ਹੁਣ ਇਹ ਖ਼ੁਸ਼ੀ ਕਾਹਦੀ ਚੜ੍ਹ ਗਈ ਤੁਹਾਨੂੰ।'

'ਭੁੱਖ ਬੜੀ ਲੱਗੀ ਐ। ਰੋਟੀ ਦਾ ਆਹਰ ਕਰ ਛੇਤੀ।'

'ਕਿਸ ਖ਼ੁਸ਼ੀ ਵਿੱਚ ਆਖਰ?' ਉਹ ਹੈਰਾਨ ਹੋ ਕੇ ਪੁੱਛਦੀ ਹੈ।

'ਓਸ ਸ਼ਹਿਰ ਕੈਂਚੀਆਂ 'ਤੇ ਬੱਸ 'ਚ ਉਹ ਬੰਦੇ ਮਰ ਗਏ ਨਾ, ਜਿਹੜੇ ਚਾਲੀ ਕੋਈ ਕਹਿੰਦੈ ਉਣੰਜਾ, ਉਹ ਕੋਈ ਬੰਬ ਧਮਾਕਾ ਨਹੀਂ ਸੀ, ਐਕਸੀਡੈਂਟ ਹੋਇਐ। ਐਕਸੀਡੈਂਟ ਤਾਂ ਹੁੰਦੇ ਈ ਰਹਿੰਦੇ ਐ।'

ਸ਼ਾਮ ਦੀ ਰੋਟੀ ਖਾ ਕੇ ਮੈਂ ਟੈਲੀਵਿਜ਼ਨ ਫੇਰ ਖੋਲ੍ਹ ਲਿਆ ਹੈ। ਸਾਡਾ ਕਾਲਜੀਏਟ ਮੁੰਡਾ ਬਾਹਰੋਂ ਆ ਕੇ ਸਾਹੋ-ਸਾਹ ਹੋਇਆ ਕਿੰਨੀਆਂ ਸਾਰੀਆਂ ਗੱਲਾਂ ਸੁਣਾ ਰਿਹਾ ਹੈ, 'ਹੈਂ-ਹੈਂ ਮੰਮੀ, ਹੈਂ ਪਾਪਾ..' ਉਹ ਦੱਸਦਾ ਹੈ, 'ਆਪਣੇ ਸ਼ਹਿਰ ਦੇ ਓਸ ਬੱਸ ਚ ਨੌ ਬੰਦੇ ਸੀ।' ਉਹ ਇੱਕ-ਇੱਕ ਕਰਕੇ ਨੌਂ ਦੇ ਨੌਂ ਬੰਦਿਆ ਬਾਰੇ ਦੱਸਦਾ ਹੈ। ਛੇ ਆਦਮੀ, ਦੋ ਔਰਤਾਂ ਤੇ ਇੱਕ ਬੱਚਾ।

ਮੈਨੂੰ ਕੋਈ ਅਫ਼ਸੋਸ ਨਹੀਂ। ਕ੍ਰਿਕਟ ਦਾ ਮੈਚ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।

ਦੂਜੇ ਦਿਨ ਸਕੂਲ ਜਾ ਕੇ ਸਾਰਾ ਦਿਨ ਉਸ ਬੱਸ ਐਕਸੀਡੈਂਟ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਪਰ ਮੈਂ ਆਪਣੇ ਮਨ ਦੀ ਗੱਲ ਕਿਸੇ ਨੂੰ ਨਹੀਂ ਦੱਸੀ। ਸੋਚਦਾ ਹਾਂ, ਕੋਈ ਕੀ ਆਖੂਗਾ? ਕਿੱਡਾ ਮੂਰਖ਼ ਆਦਮੀ ਐ। ਬੰਬ ਧਮਾਕੇ ਨਾਲ ਚਾਹੇ ਐਕਸੀਡੈਂਟ ਨਾਲ, ਬੰਦੇ ਤਾਂ ਮਰ ਗਏ ਨਾ।'

ਪਰ ਨਹੀਂ, ਮੈਨੂੰ ਤਸੱਲੀ ਹੈ ਕਿ ਉਹ ਲੋਕ, ਚੰਗਾ ਹੋਇਆ, ਬੰਬ ਧਮਾਕੇ ਨਾਲ ਨਹੀਂ ਮਰੇ। ਐਕਸੀਡੈਂਟ ਨਾਲ ਮਰਨਾ ਕੋਈ ਮਾੜਾ ਨਹੀਂ, ਅੱਜ ਦੇ ਹਾਲਾਤ ਵਿੱਚ।

170

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ