ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਜਿੱਥੇ ਦੋ ਭਾਂਡੇ ਹੋਣਗੇ, ਠਹਿਕਣਗੇ ਹੀ। ਘਰ-ਘਰ ਇਹੋ ਹਾਲ ਹੈ। ਔਰਤ-ਮਰਦ ਦੇ ਘਰੇਲੂ ਝਗੜੇ ਤਾਂ ਧੁਰ-ਦਰਗਾਹ ਤੋਂ ਬਣੇ ਆਏ ਨੇ।

ਪਰ ਇਹ ਕੀ, ਜਿਸ ਦਿਨ ਤੋਂ ਉਹ ਚੁੜੇਲ ਇਹਦੇ ਮਗਰ ਪਈ ਹੈ, ਉਹ ਘਰ ਵਿੱਚ ਚੁੱਪ-ਚਾਪ ਜਿਹਾ ਕਿਉਂ ਰਹਿੰਦਾ ਹੈ? ਨਾ ਕਿਸੇ ਗੱਲ 'ਤੇ ਗੁੱਸੇ ਹੁੰਦਾ ਹੈ ਤੇ ਨਾ ਹੀ ਮੋਹ-ਪਿਆਰ ਦੀ ਕੋਈ ਗੱਲ ਕਰਦਾ ਹੈ। ਜਿਵੇਂ ਇਸ ਘਰ ਨਾਲ ਉਹਦਾ ਰਿਸ਼ਤਾ ਹੀ ਕੋਈ ਨਾ ਰਹਿ ਗਿਆ ਹੋਵੇ। ਰੋਟੀ-ਪਾਣੀ ਖਾਣ-ਪੀਣ ਤੇ ਮਹਿਮਾਨਾਂ ਵਾਂਗ ਰਾਤ ਕੱਟਣ ਤੋਂ ਬਿਨਾ ਹੋਰ ਕੀ ਸਬੰਧ ਰਹਿ ਗਿਆ ਹੁਣ ਉਹਦਾ ਇਸ ਘਰ ਨਾਲ? ਬੱਚੇ ਉਹਦੇ ਮੂੰਹ ਵੱਲ ਡਰੇ-ਡਰੇ, ਸਹਿਮੇ-ਸਹਿਮੇ ਝਾਕਦੇ ਰਹਿੰਦੇ ਹਨ।

ਤਨਖ਼ਾਹ ਮਿਲਦੀ ਹੈ ਤਾਂ ਮਹੀਨੇ ਭਰ ਦਾ ਖ਼ਰਚ ਫੜਾ ਦੇਵੇਗਾ। ਪਹਿਲਾਂ ਵਾਂਗ ਆਪ ਕਿਉਂ ਨਹੀਂ ਲਿਆਉਂਦਾ ਚੀਜ਼ਾਂ ਖ਼ਰੀਦ-ਖ਼ਰੀਦ? ਸੱਤ ਬਿਗਾਨਿਆਂ ਵਾਂਗ ਈ, ਇਹ ਕੋਈ ਗੱਲ ਹੋਈ ਭਲਾ? ਕਦੇ ਵੀ ਕੋਈ ਸ਼ਿਕਾਇਤ ਨਹੀਂ ਕਰਦਾ। ਇਹਦਾ ਕੀ ਪਤਾ ਕਿਸੇ ਦਿਨ ਇੱਧਰ ਦਾ ਰਾਹ ਭੁੱਲ ਹੀ ਨਾ ਜਾਵੇ। ਬੰਦੇ ਦੇ ਮਨ ਦਾ ਕੀ ਬੁੱਝੀਏ ਹੁਣ? ਬਦਕਾਰ ਤੀਵੀਂ ਕੋਲ ਸੌ ਚਲਿੱਤਰ ਹੁੰਦੇ ਨੇ।

ਕਮਲਾ ਸੋਚਦੀ ਤੇ ਸੋਚਦੀ ਹੀ ਰਹਿੰਦੀ। ਚਿੰਤਾ ਉਹਦੇ ਦਿਮਾਗ਼ ਨੂੰ ਫੇਲ੍ਹ ਕਰ ਦਿੰਦੀ। ਫੇਰ ਉਹ ਕੁੱਝ ਵੀ ਨਾ ਸੋਚ ਸਕਦੀ।ਆਖਰ ਕੀ ਕਰੇ ਉਹ? ਉਹਨੇ ਕਿੰਨੀ ਵਾਰ ਹੀ ਮਿੱਠੀ-ਮਿੱਠੀ ਸ਼ਿਕਾਇਤ ਕੀਤੀ ਹੈ ਉਹਦੇ ਕੋਲ, ਉਹਦੀ ਇਸ ਬੇਰੁਖੀ ਬਾਰੇ। ਪਰ ਉਹ ਤਾਂ ਇੱਕ ਬੋਲ ਵੀ ਮੂੰਹੋਂ ਨਹੀਂ ਕੱਢਦਾ। ਕਮਲਾ ਨੇ ਕਦੇ ਭਰੇ ਗਲ ਨਾਲ ਔਖਾ ਬੋਲ ਕੱਢਿਆ, ਉਹ ਤਾਂ ਵੀ ਚੁੱਪ।

ਕਮਲਾ ਦਾ ਸਿਰ ਦੁਖਣ ਲੱਗਦਾ। ਪੁੜਪੁੜੀਆਂ ਫਟ ਫਟ ਜਾਂਦੀਆਂ। ਜਿਵੇਂ ਕਿਸੇ ਨੇ ਵਿੱਚ ਲੋਹੇ ਦੇ ਕਿੱਲ ਠੋਕ ਦਿੱਤੇ ਹੋਣ। ਉਹ ਪਿੰਡ ਦੀ ਜੰਮਪਲ ਹੈ। ਦੇਸੀ ਓਹੜਪੋਹੜ ਕਰਦੀ। ਕਾਗੜੀ ਤੇ ਗਿੱਲਾ ਆਟਾ ਲਾ ਕੇ ਪੁੜਪੁੜੀ ਨਾਲ ਚਿਪਕਾ ਲੈਂਦੀ। ਆਟਾ ਸੁੱਕ ਜਾਂਦਾ ਤਾਂ ਨਾੜਾਂ ਨੂੰ ਕੱਸ ਪੈ ਕੇ ਪੁੜਪੁੜੀ ਦਾ ਦਰਦ ਘਟਣ ਲੱਗਦਾ। ਪਰ ਕਾਗਤੀਆਂ ਉਹਦੇ ਮਾਨਸਿਕ ਤਣਾਓ ਦਾ ਇਲਾਜ ਨਹੀਂ ਸਨ। ਕਾਗਤੀ ਉਹ ਦੇ ਮੱਥੇ ਦਾ ਨਸੀਬ ਬਣ ਗਈ ਹੋਵੇ ਜਿਵੇਂ ਇੱਕ ਕਾਗਤੀ ਸੁੱਕ ਕੇ ਲਹਿ ਜਾਂਦੀ ਤਾਂ ਉਹ ਦੂਜੀ ਲਾ ਲੈਂਦੀ। ਉਹਦੇ ਢਿੱਡ ਦੀ ਭੁੱਖ ਦਾ ਆਟਾ ਕਾਗਤੀਆਂ ਦੀ ਖ਼ੁਰਾਕ ਬਣਦਾ ਰਹਿੰਦਾ। ਅਣਸਰਦੇ ਨੂੰ ਵੇਲੇ-ਕੁਵੇਲੇ ਇੱਕ ਰੋਟੀ ਉਹ ਸੰਘੋ ਥੱਲੇ ਸੁੱਟ ਲੈਂਦੀ ਸੀ। | ਉਸ ਦਿਨ ਉਹ ਫੇਰ ਪੀ ਕੇ ਆਇਆ ਸੀ। ਉਹਦੇ ਪੀਣ ਜਾਂ ਨਾ ਪੀਣ ਦਾ ਕਮਲਾ ਦੀ ਮਨੋਸਥਿਤੀ ਨਾਲ ਕੋਈ ਸਬੰਧ ਨਹੀਂ ਸੀ। ਪਰ ਫ਼ਰਕ ਇਹ ਸੀ ਕਿ ਉਸ ਰਾਤ ਉਹਨੇ ਗੇਟ ਖੋਲ੍ਹਿਆ, ਫਰਿੱਜ ਤੋਂ ਚਾਬੀ ਚੁੱਕੀ ਤੇ ਜਿੰਦਾ ਲਾ ਦਿੱਤਾ। ਫਿਰ ਵਿਹੜੇ ਵਿੱਚ ਖੜ੍ਹ ਕੇ ਹਾਕ ਮਾਰੀ-ਕਮਲਾ।

ਉਹ ਬੋਲੀ ਨਹੀਂ, ਜਾਗ ਨਹੀਂ ਆਈ ਹੋਵੇਗੀ। ਥਿੜਕਦੇ ਪੈਰਾਂ ਨਾਲ ਉਹ ਅੰਦਰ ਕਮਰੇ ਵਿੱਚ ਆਇਆ ਤੇ ਫੇਰ ਬੋਲਿਆ, 'ਕਮਲਾ।'

ਉਹਨੇ ਉੱਠ ਕੇ ਟਿਊਬ ਜਗਾਈ। ਦੇਖਿਆ, ਉਹ ਨਸ਼ੇ ਵਿੱਚ ਧੁੱਤ ਸੀ। ਖੜ੍ਹਾ ਹਾਥੀ ਵਾਂਗ ਝੂਲ ਰਿਹਾ ਸੀ। ਟੰਗਾਂ ਉਹਦਾ ਭਾਰ ਨਹੀਂ ਝੱਲ ਰਹੀਆਂ ਸਨ। ਉਹਦੇ ਹੱਥ

182

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ