ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/181

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਜਦੋਂ ਚਾਹੁੰਦਾ, ਕਿੰਨਾ ਚਾਹੁੰਦਾ। ਜਿਵੇਂ ਕਮਲਾ ਕੋਈ ਖਿਡੌਣਾ ਹੋਵੇ। ਉਹ ਉਸ ਖਿਡੌਣੇ ਨਾਲ ਜੀ ਭਰ ਕੇ ਖੇਡਦਾ। ਉਹਨੂੰ ਉਛਾਲ ਦਿੰਦਾ। ਫੜਦਾ, ਫਿਰ ਪਰੇ ਰੱਖ ਦਿੰਦਾ। ਪਰ ਫੇਰ ਚੁੱਕ ਲੈਂਦਾ, ਜਿਵੇਂ ਖੇਡ-ਖੇਡ ਬੱਚੇ ਦਾ ਚਾਅ ਪੂਰਾ ਨਾ ਹੁੰਦਾ ਹੋਵੇ।

ਕਮਲਾ ਨੂੰ ਇਹ ਸਭ ਕਿੰਨਾ ਪਸੰਦ ਸੀ। ਕਮਲਾ ਨੂੰ ਯਾਦ ਹੈ, ਉਹਦੀ ਇਹ ਬੇਰੁਖੀ ਉਸੇ ਦਿਨ ਤੋਂ ਸ਼ੁਰੂ ਹੋ ਗਈ ਸੀ, ਜਿਸ ਦਿਨ ਉਹ ਮਾਸਟਰਾਣੀ ਇੱਥੇ ਉਨ੍ਹਾਂ ਦੇ ਘਰ ਆਈ ਸੀ। ਕਦੇ ਉਹ ਚਿੱਠੀਆਂ ਲਿਖਦੀ ਹੁੰਦੀ। ਬੇਸ਼ੁਮਾਰ ਚਿੱਠੀਆਂ ਲਿਖੀਆਂ। ਉਹ ਵੀ ਲਿਖਦਾ ਸੀ। ਉਦੋਂ ਉਹ ਕੰਵਾਰਾ ਸੀ। ਆਪ ਹੀ ਦੱਸਦਾ ਹੁੰਦਾ। ਕਮਲਾ ਨੇ ਕਿਹੜਾ ਦੇਖੀਆਂ ਸੀ, ਉਹ ਚਿੱਠੀਆਂ। ਉਹਨੇ ਤਾਂ ਇਹ ਵੀ ਕਦੇ ਨਹੀਂ ਪੁੱਛਿਆ ਸੀ ਕਿ ਉਹ ਚਿੱਠੀਆਂ ਵਿੱਚ ਕੀ ਗੱਲਾਂ ਲਿਖਦੇ ਹੁੰਦੇ। ਉਹਦੀ ਫੋਟੋ ਵੀ ਸੀ, ਉਨ੍ਹਾਂ ਦੇ ਘਰ ਸੰਭਾਲ ਕੇ ਰੱਖੀ ਹੋਈ। ਉਹ ਇਸ ਫੋਟੋ ਨੂੰ ਆਪਣੀ ਅਲਮਾਰੀ ਵਿੱਚ ਰੱਖਦਾ। ਨਿੱਕੇ ਸੁਨਹਿਰੀ ਫਰੇਮ ਵਿੱਚ ਜੜ ਕੇ ਰੱਖੀ ਹੋਈ ਫੋਟੋ। ਉਹ ਸੋਚਦੀ, ਵਿਆਹ ਤੋਂ ਪਹਿਲਾਂ ਮੀਡਿਆਂ-ਖੁੰਡਿਆਂ ਦੀਆਂ ਸੌ ਗੱਲਾਂ ਹੁੰਦੀਆਂ ਨੇ। ਹੋਵੇਗੀ ਇਹ ਕੋਈ ਕੁੜੀ। ਇਹ ਕੀ ਪਤਾ ਸੀ ਹੁਣ ਐਨੇ ਸਾਲਾਂ ਬਾਅਦ ਉਹੀ ਕੁੜੀ ਉਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਆ ਕੇ ਖਲਲ ਪਾ ਦੇਵੇਗੀ। ਉਹ ਪਤੀ ਨੂੰ ਖਾ ਹੀ ਜਾਵੇਗੀ। ਕਮਲਾ ਕੋਲੋਂ ਇਹ ਖਿਲਾਅ ਬਰਦਾਸ਼ਤ ਨਹੀਂ ਹੋ ਰਿਹਾ ਸੀ।

ਇਸ ਵੇਲੇ ਉਸ ਮਾਸਟਰਾਣੀ ਦੀ ਉਮਰ ਪੈਂਤੀ ਸਾਲ ਤੋਂ ਉੱਤੇ ਹੋਵੇਗੀ। ਸੁਣਿਆ ਹੈ ਅਜੇ ਵੀ ਉਹਦਾ ਵਿਆਹ ਨਹੀਂ ਹੋਇਆ। ਉਹ ਸੋਚਦੀ ਹੁਣ ਤੱਕ ਉਸ ਦਾ ਵਿਆਹ ਹੋ ਜਾਣਾ ਚਾਹੀਦਾ ਸੀ। ਵਿਆਹੀ ਹੁੰਦੀ ਤਾਂ ਹੁਣ ਨੂੰ ਉਹਦੀ ਗੋਦੀ ਚਾਰ ਜੁਆਕ ਹੁੰਦੇ। ਵਿਆਹ ਕਿਉਂ ਨਹੀਂ ਹੋਇਆ, ਸਾਫ਼ ਹੈ ਕਿਸੇ ਮੁੰਡੇ ਨੇ ਉਹਦੇ ਨਾਲ ਵਿਆਹ ਕਰਵਾਇਆ ਹੀ ਨਹੀਂ ਹੋਣਾ। ਅਜਿਹੀਆਂ ਕੁੜੀਆਂ ਦੇ ਝਾਂਸੇ ਵਿੱਚ ਕਿਹੜਾ ਮੁੰਡਾ ਆਵੇਗਾ? ਸਾਰੀ ਉਮਰ ਇਸ਼ਕ ਹੀ ਕੀਤੇ ਹੋਣਗੇ, ਵਿਆਹ ਵਾਲੀ ਗੱਲ ਦੂਰ ਜਾ ਖੜ੍ਹੀ ਇੱਕ ਛੱਡ ਕੇ ਦੂਜੇ ਨੂੰ ਜਾ ਵੜਦੀ ਹੋਵੇਗੀ। ਹੁਣ ਹੋਰ ਕੋਈ ਨਾ ਰਹਿ ਗਿਆ ਤਾਂ ਇਹ ਆ ਦਬੋਚਿਆ, ਤਿੰਨ ਬੱਚਿਆਂ ਦਾ ਬਾਪ। ਇਹ ਭਲਾ ਕੋਈ ਉਮਰ ਐ ਇਹਦੀ, ਉੱਠ ਤੁਰਦੈ ਹੱਥ ਵਿੱਚ ਬੈਗ ਫੜ ਕੇ। ਦੋ-ਦੋ ਰਾਤਾਂ ਘਰ ਹੀ ਨਹੀਂ ਵੜਦਾ। ਦੋ ਵਾਰੀ ਤਾਂ ਉਹ ਵੀ ਵਹਿਚਰ ਏਥੇ ਰਾਤਾਂ ਕੱਟ ਕੇ ਗਈ ਹੈ। ਕਮਲਾ ਦਾ ਸਬਰ ਅੱਜ ਸਮਝਿਆ, ਕੱਲ੍ਹ ਸਮਝਿਆ। ਬੰਦਾ ਨ੍ਹਾਤਾ ਘੋੜਾ ਹੁੰਦੈ, ਪਰ ਕਾਹਨੂੰ। ਇੱਕ ਵੀ ਖਾਨੇ ਨਹੀਂ ਵੜਦੀ ਮੂਰਖ਼ ਦੇ।

ਕਮਲਾ ਨੂੰ ਉਹਦੇ ਪਤੀ ਦੀ ਨਿੱਤ ਦੀ ਝਿੜਕ ਝੰਬ ਬੁਰੀ ਲੱਗਦੀ ਹੁੰਦੀ। ਬੜਾ ਗੁਸੈਲ ਸੁਭਾਅ ਸੀ, ਉਹਦੇ ਪਤੀ ਦਾ। ਮਿੰਟ ਵਿੱਚ ਦੀ ਦੁੱਧ ਦੇ ਉਬਾਲ ਵਾਂਗ ਹੋਸ਼ਹਵਾਸ ਦੇ ਕੰਢਿਆਂ ਤੋਂ ਬਾਹਰ ਹੋ ਜਾਂਦਾ। ਗੱਸੇ ਵਿੱਚ ਐਨਾ ਅੰਨਾ ਕਿ ਉਹ ਨੂੰ ਧੋਹਧੋਹ ਕੁੱਟ ਸੁੱਟਦਾ। ਇਹ ਵੀ ਨਾ ਦੇਖਦਾ ਕਿ ਉਹਦੇ ਹੱਥ ਵਿੱਚ ਕੀ ਹੈ ਤੇ ਉਹ ਉਹਦੇ ਕਿੱਥੇ ਲੱਗਦੀ ਹੈ। ਗੁੱਸੇ ਦਾ ਉਬਾਲ ਠੰਡਾ ਹੋ ਕੇ ਥੱਲੇ ਬੈਠ ਜਾਂਦਾ ਤਾਂ ਫਿਰ ਪੁੱਚ-ਪੁੱਚ ਕਰਨ ਲੱਗਦਾ। ਜਿਵੇਂ ਆਪਣੀ ਭੁੱਲ ਬਖ਼ਸ਼ਾ ਰਿਹਾ ਹੋਵੇ। ਉਹ ਤਾਂ ਐਨਾ ਭੋਲਾ ਪਾਤਸ਼ਾਹ ਸੀ ਕਿ ਕਮਲਾ ਦਾ ਸਿਰ ਦੱਬਣ ਬੈਠ ਜਾਂਦਾ। ਕਦੇ-ਕਦੇ ਤਾਂ ਟੰਗਾਂ ਵੀ ਘੱਟ ਦਿੰਦਾ। ਉਹਨੂੰ ਉਹ ਚੰਗਾ-ਚੰਗਾ ਲੱਗਦਾ, ਪਰ ਕਦੇ-ਕਦੇ ਬਹੁਤ ਬੁਰਾ। ਉਹ ਧੀਰਜ ਧਰਦੀ,

ਪਤੀ

181