ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/184

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਲੀ ਤੇ ਪੁਰਾਣੀ ਦੁਕਾਨ

ਉਸ ਸ਼ਹਿਰ ਵਿੱਚ ਮੇਰਾ ਦੋਸਤ ਪੰਦਰਾਂ ਵਰ੍ਹਿਆਂ ਤੋਂ ਸੀ। ਇਸ ਦੌਰਾਨ ਉਹਦੀ ਦੋ ਵਾਰ ਬਦਲੀ ਹੋਈ, ਪਰ ਉਹਨੂੰ ਸਭ ਢੰਗ-ਤਰੀਕੇ ਆਉਂਦੇ ਸਨ। ਅਫ਼ਸਰਾਂ-ਕਲਰਕਾਂ ਨੂੰ ਜਾ ਕੇ ਮਿਲ ਲੈਂਦਾ ਤੇ ਉਹਦੀ ਬਦਲੀ ਰੱਦ ਹੋ ਜਾਂਦੀ। ਉਸ ਸ਼ਹਿਰ ਵਿੱਚ ਹੀ ਉਹਦੀ ਨਿਯੁਕਤੀ ਹੋਈ ਸੀ। ਕਹਿੰਦਾ ਹੁੰਦਾ, ਹੁਣ ਤਾਂ ਏਥੋਂ ਹੀ ਸੇਵਾ-ਮੁਕਤ ਹੋਵਾਂਗਾ। ਇਨ੍ਹਾਂ ਪੰਦਰਾਂ ਸਾਲਾਂ ਵਿੱਚ ਉਹਨੇ ਸ਼ਹਿਰ ਦੀ ਸਾਰੀ ਜਾਣਕਾਰੀ ਹਾਸਲ ਕਰ ਲਈ। ਸ਼ਹਿਰ ਦੇ ਲੋਕਾਂ ਨਾਲ ਨੇੜੇ ਦੇ ਸਬੰਧ ਪੈਦਾ ਕਰ ਲਏ। ਜਿਵੇਂ ਉਹ ਓਸੇ ਸ਼ਹਿਰ ਦਾ ਪੱਕਾ ਵਸਨੀਕ ਹੋਵੇ।

ਟ੍ਰੇਨਿੰਗ ਅਸੀਂ ਇਕੱਠਿਆਂ ਨੇ ਕੀਤੀ ਸੀ। ਇੱਕ ਸਾਲ ਵਿੱਚ ਹੀ ਸਾਡੀ ਗੂੜ੍ਹੀ ਮਿੱਤਰਤਾ ਬਣ ਗਈ। ਬਾਅਦ ਵਿੱਚ ਇੱਕ-ਦੂਜੇ ਨੂੰ ਲੰਬੇ-ਲੰਬੇ ਖ਼ਤ ਲਿਖਦੇ ਤੇ ਕਦੇ ਕਦੇ ਮਿਲਦੇ ਵੀ ਮਿਲੇਗਾ ਤਾਂ ਟ੍ਰੇਨਿੰਗ ਵੇਲੇ ਕੀਤੀਆਂ ਸ਼ਰਾਰਤਾਂ ਨੂੰ ਯਾਦ ਕਰਦੇ। ਇੰਝ ਕਰਨ ਨਾਲ ਹੁਣ ਦੀ ਬੇ-ਰਸ ਜ਼ਿੰਦਗੀ ਨੂੰ ਕੋਈ ਸਕੂਨ ਜਿਹਾ ਮਿਲਦਾ। ਇਹ ਨੌਕਰੀ ਦੀ ਜ਼ਿੰਦਗੀ ਤਾਂ ਇੱਕ ਬੋਝ ਬਣ ਕੇ ਰਹਿ ਗਈ ਸੀ।

ਪਹਿਲਾਂ ਇੱਕ-ਦੂਜੇ ਤੋਂ ਬਹੁਤ ਦੂਰ ਬੈਠੇ ਹੋਏ ਸਾਂ, ਫੇਰ ਮੇਰੀ ਬਦਲੀ ਉਹਦੇ ਸ਼ਹਿਰ ਨੇੜੇ ਗਈ। ਫੇਰ ਤਾਂ ਅਸੀਂ ਅਕਸਰ ਮਿਲਦੇ ਰਹਿੰਦੇ। ਕਿਸੇ ਸ਼ਨਿੱਚਰਵਾਰ ਉਹ ਮੇਰੇ ਕੋਲ ਹੁੰਦਾ ਤੇ ਕਿਸੇ ਸ਼ਨਿੱਚਰਵਾਰ ਮੈਂ ਉਹਦੇ ਕੋਲ। ਜਿੱਥੇ ਮੈਂ ਸਾਂ, ਉਹ ਇੱਕ ਛੋਟਾ ਕਸਬਾ ਸੀ। ਉੱਥੇ ਕੋਈ ਸਿਨੇਮਾਘਰ ਨਹੀਂ ਸੀ। ਦੋਸਤ ਦੇ ਸ਼ਹਿਰ ਦੋ ਸਿਨੇਮੇ ਸਨ। ਜਦੋਂ ਵੀ ਮੈਂ ਉਹਦੇ ਸ਼ਹਿਰ ਜਾਂਦਾ, ਅਸੀਂ ਕੋਈ ਫ਼ਿਲਮ ਜ਼ਰੂਰ ਦੇਖਦੇ। ਚਾਹੇ ਕੋਈ ਫ਼ਿਲਮ ਹੁੰਦੀ, ਚੰਗੀ-ਮਾੜੀ, ਦੇਖਦੇ ਜ਼ਰੂਰ।

ਉਸ ਸ਼ਹਿਰ ਦੇ ਨਵੇਂ ਸਿਨਮਾ-ਘਰ ਵਿੱਚ ਸੀਟਾਂ ਦਾ ਪ੍ਰਬੰਧ ਚੰਗਾ ਸੀ। ਪੁਰਾਣੇ ਸਿਨਮਾ ਵਿੱਚ ਤਾਂ ਫੱਟੀਆਂ ਵਾਲੀਆਂ ਕੁਰਸੀਆਂ ਸਨ, ਉਹ ਵੀ ਉੱਖੜੀਆਂ ਤੇ ਟੁੱਟੀਆਂ। ਉਨ੍ਹਾਂ 'ਤੇ ਬੈਠ ਕੇ ਤਾਂ ਪਾਸੇ ਅੰਬ ਜਾਂਦੇ।

ਜਦੋਂ ਫ਼ਿਲਮ ਦਾ ਇੰਟਰਵਲ ਹੁੰਦਾ ਤਾਂ ਅਸੀਂ ਬਾਹਰ ਆ ਕੇ ਬੁੱਢੇ ਬਾਬੇ ਦੇ ਸਮੋਸੇ ਖਾਂਦੇ। ਕਮਾਲ ਦੇ ਸਮੋਸੇ ਬਣਾ ਕੇ ਲਿਆਉਂਦਾ ਉਹ। ਉਨ੍ਹਾਂ ਦਾ ਅਕਾਰ ਬਜ਼ਾਰ ਦੇ ਆਮ ਸਮੋਸਿਆਂ ਨਾਲੋਂ ਵੱਡਾ ਹੁੰਦਾ। ਉਨ੍ਹਾਂ ਵਿੱਚ ਮਟਰ ਤੇ ਹਰਾ ਧਣੀਆਂ, ਫੇਰ ਅਮਚੂਰ ਪਤਾ ਨਹੀਂ ਕੀ ਕੁਝ ਪਾ ਕੇ ਲਿਆਉਂਦਾ। ਉਹ ਸਮੋਸਾ ਖਾਣ ਬਾਅਦ ਵੀ ਮੂੰਹ ਦੇ ਪਚਾਕੇ ਵੱਜਦੇ ਰਹਿੰਦੇ। ਕਯਾ ਬਾਤ ਸੀ ਉਨ੍ਹਾਂ ਸਮੋਸਿਆਂ ਦੀ। ਜਿਵੇਂ ਫ਼ਿਲਮ ਦੇਖਣ ਨਹੀਂ, ਸਮੋਸੇ ਖਾਣ ਹੀ ਅਸੀਂ ਉਸ ਨਵੇਂ ਸਿਨਮਾ-ਘਰ ਜਾਂਦੇ ਹੋਈਏ।

184

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ