ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਅਚਾਨਕ ਹੀ ਉਸ ਨੇ ਅਮਰਪਾਲ ਨੂੰ ਇੱਕ ਚਿੱਟ ਫੜਾਈ- "ਮੈਂ ਤੁਹਾਨੂੰ ਪਿਆਰ ਕਰਦੀ ਹਾਂ।" ਤੇ ਫਿਰ ਅਕਸਰ ਹੀ ਉਹ ਮਿਲਣ ਲੱਗੇ ਸਨ। ਕਦੀ ਕਿਸੇ ਕਮਰੇ ਵਿੱਚ, ਕਦੇ ਬਾਹਰ ਖੇਤਾਂ ਵਿੱਚ। ਉਹ ਵਿਆਹੀ ਹੋਈ ਸੀ। ਇੱਕ ਮੁੰਡਾ ਵੀ ਸੀ। ਉਸ ਦਾ ਪਤੀ ਬਵਾਸੀਰ ਦਾ ਅਪ੍ਰੇਸ਼ਨ ਕਰਵਾ ਕੇ ਹਸਪਤਾਲ ਵਿੱਚ ਪਿਆ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਬੱਸ ਸਟੈਂਡ ਨੇੜੇ ਐੱਫ. ਸੀ. ਆਈ. ਦੇ ਮਾਲ ਗੋਦਾਮਾਂ ਨਾਲ ਬਣੇ ਇੱਕ ਚੌਕੀਦਾਰ ਦੇ ਕੁਆਰਟਰ ਵਿੱਚ ਉਹ ਅਮਰਪਾਲ ਨੂੰ ਮਿਲੀ ਸੀ। ਪਤੀ ਤਾਂ ਹਸਪਤਾਲ ਵਿੱਚ ਸੀ।

ਕੁੜੀ ਜੰਮੀ, ਪਰ ਮਿਲਣਾ ਬੰਦ। ਗੱਲਬਾਤ ਤਾਂ ਕਰ ਲੈਂਦੀ, ਪਰ ਅਸਲ ਗੱਲ ਨੂੰ ਟਾਲ ਜਾਂਦੀ। ਅਮਰਪਾਲ ਨੂੰ ਗੁੱਸਾ ਚੜ੍ਹਦਾ। ਪਰ ਇਸ ਗੱਲ 'ਤੇ ਤਾਂ ਉਹ ਆਉਂਦੀ ਹੀ ਨਹੀਂ ਸੀ। ਛੇ ਮਹੀਨੇ ਤੱਕ ਉਸ ਨੂੰ ਮਿਲਣ ਦੀ ਆਸ ਵਿੱਚ ਆਪਣੇ ਜਿਗਰ ਦੀ ਰੱਤ ਪੀਂਦਾ ਰਿਹਾ। ਪਤਾ ਨਹੀਂ ਕਿਉਂ, ਅਮਰਪਾਲ ਦੀ ਸੀਟ 'ਤੇ ਉਨ੍ਹਾਂ ਦੇ ਅਫ਼ਸਰ ਵੱਲੋਂ ਦਫ਼ਤਰ ਦੇ ਇੱਕ ਕਾਂ-ਡੋਡ ਜਿਹਾ ਕਲਰਕ ਚੈਂਚਲ ਸਿੰਘ ਨੂੰ ਬਿਠਾ ਦਿੱਤਾ ਗਿਆ ਸੀ ਤੇ ਉਸ ਨੂੰ ਕਿਸੇ ਹੋਰ ਕਮਰੇ ਵਿੱਚ। ਇੱਕ ਦਿਨ ਥੋੜ੍ਹੀ ਜਿਹੀ ਇਕਾਂਤ ਲੱਭ ਕੇ ਉਸ ਨੇ ਐਨਾ ਹੀ ਪੁੱਛਿਆ-‘ਰੇਸ਼ਮਾ, ਹੁਣ ਕੀ ਹੋ ਗਿਐ ਤੈਨੂੰ?" ਤਾਂ ਉਸ ਨੇ ਝੱਟ ਕਹਿ ਦਿੱਤਾ-"ਮੈਨੂੰ ਬੁਲਾਇਆ ਨਾ ਕਰੋ, ਚੈਂਚਲ ਨੋਟ ਕਰਦਾ ਰਹਿੰਦੈ।" ਏਸੇ ਗੱਲ ਨੂੰ ਲੈ ਕੇ ਉਹ ਤਾਂ ਕਿੰਨੇ ਹੀ ਦਿਨ ਸੋਚਦਾ ਰਿਹਾ, ਚੈਂਚਲ ਹੀ ਕਿਉ ਨੋਟ ਕਰਦਾ?

ਫਿਰ ਤਾਂ ਸਾਫ਼ ਹੀ ਹੋ ਗਿਆ ਸੀ ਕਿ ਹੁਣ ਉਹ ਚੈਂਚਲ ਨਾਲ ਫਿਰਨ ਲੱਗੀ ਸੀ। ਰੇਸ਼ਮਾ ਨੂੰ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਲਹੂ ਉਤਰ ਆਉਂਦਾ। ਕਮਾਲ ਦੀ ਗੱਲ ਸੀ, ਉਹ ਜਦ ਵੀ ਮਿਲਦੀ, ਸਤਿ ਸ੍ਰੀ ਅਕਾਲ ਬੁਲਾਉਂਦੀ, ਘਰ ਦਾ ਹਾਲ ਚਾਲ ਵੀ ਪੁੱਛ ਲੈਂਦੀ। ਅਮਰਪਾਲ ਮੱਚੇ ਬੁਝੇ ਜਵਾਬ ਦਿੰਦਾ। ਉਸ ਦਾ ਜੀਅ ਕਰਦਾ ਕਿ ਉਹ ਰੇਸ਼ਮਾ ਨੂੰ ਗੋਲੀ ਨਾਲ ਭੁੰਨ੍ਹ ਦੇਵੇ। ਪਰ ਉਹ ਸੋਚਦਾ- 'ਸਿਹਰੇ ਬੰਨ੍ਹ ਕੇ ਥੋੜ੍ਹਾ ਲਿਆਂਦੀ ਸੀ ਇਹ? ਦੋ ਢਾਈ ਸਾਲ ਹੰਢਾ ਗਈ-ਇਹਦੇ ਪੱਲੇ ਦਾ।

ਸਾਰੀ ਗੱਲ ਸੁਣ ਕੇ ਮੈਂ ਕਿਹਾ, "ਤਾਂ ਉਹ ਕੁੜੀ ਤੇਰਾ ਤੁਖ਼ਮ ਸੀ?"

"ਹਾਂ ਬਈ, ਮੇਰੀ। ਸਾਰੇ ਨੈਣ ਨਕਸ਼ ਮੇਰੇ ਉੱਤੇ ਨੇ। ਰੰਗ ਵੀ ਮੇਰੇ ਵਰਗਾ ਈ ਐ।"

"ਹੁਣ ਤਾਂ ਤਕੜੀ ਉਡਾਰ ਹੋਣੀ ਐ।"

"ਹਾਂ, ਅੱਠ ਨੌਂ ਸਾਲ ਦੀ ਐ। ਤੀਜੀ ਜਮਾਤ ਵਿੱਚ ਪੜ੍ਹਦੀ ਐ। ਪਿਛਲੇ ਸਾਲ ਮੈਂ ਉਨ੍ਹਾਂ ਦੇ ਘਰ ਗਿਆ ਸੀ, ਦੇਖਿਆ ਤਾਂ ਹਉਕਾ ਨਿਕਲ ਗਿਆ ਮੇਰਾ। ਕਿੱਦਾ ਦਾ ਸੰਸਾਰ ਐ ਇਹ। ਖੂਨ ਦੀ ਸਾਂਝ ਹੋ ਕੇ ਵੀ ਕੋਈ ਕਿਸੇ ਦਾ ਨਹੀਂ ਹੁੰਦਾ।"

"ਰੇਸ਼ਮਾ ਦੇ ਪਤੀ ਨੂੰ ਨਹੀਂ ਸ਼ੱਕ ਹੋਇਆ ਹੋਵੇਗਾ ਕਿ ਉਹ ਕੁੜੀ ਉਸ ਦੀ ਨਹੀਂ?'

"ਉਹ ਨੂੰ ਕੀ ਸ਼ੱਕ ਹੋਣਾ ਸੀ ਬਾਈ, ਉਹ ਤਾਂ ਗਧਾ ਆਦਮੀ ਐ। ਮੱਝਾਂ ਦਾ ਵਪਾਰੀ ਐ। ਪੈਸੇ ਦਾ ਪੁੱਤ। ਕੀੜੀ ਦੇ ਰਾਹ ਆਟਾ ਨਹੀਂ ਜਾਣ ਦਿੰਦਾ। ਇਸੇ ਕਰਕੇ ਤਾਂ ਰੇਸ਼ਮਾ ਤੋਂ ਨੌਕਰੀ ਕਰਵਾਉਂਦੈ।"

ਬੋਤਲ ਵਿੱਚ ਦੋ ਤਿੰਨ ਪੈੱਗ ਹੀ ਰਹਿ ਗਏ ਲੱਗਦੇ ਸਨ। ਅਮਰਪਾਲ ਕਾਫ਼ੀ ਦੇਰ ਬੋਲਦਾ ਰਿਹਾ ਸੀ। ਸ਼ਰਾਬ ਪੀਣ ਤਾਂ ਜਿਵੇਂ ਉਸ ਨੂੰ ਯਾਦ ਹੀ ਨਹੀਂ ਰਹਿ ਗਿਆ ਸੀ।

ਮੈਂ ਕਹਾਣੀ ਲਿਖਾਂਗਾ

19