ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੀ ਪਤਨੀ ਭਾਵੇਂ ਪਿਛਲੇ ਜ਼ਮਾਨੇ ਦੀਆਂ ਚਾਰ ਜਮਾਤਾਂ ਪੜ੍ਹੀ ਹੋਈ ਹੈ, ਪਰ ਹੈ ਅਨਪੜਾਂ ਵਰਗੀ ਹੀ ਬਿਲਕੁੱਲ ਪੇਂਡੂ ਔਰਤ।
ਜ਼ਮਾਨਾ ਕਿੰਨਾ ਅਗਾਂਹ ਜਾ ਖਲੋਤਾ ਹੈ। ਫ਼ੈਸ਼ਨ ਸਿਖ਼ਰ 'ਤੇ ਹੈ। ਅੱਜ ਕੱਲ੍ਹ ਅਨਪੜ੍ਹ ਤੀਵੀਂਆਂ ਵੀ ਪੜ੍ਹੀਆਂ ਲੱਗਦੀਆਂ ਹਨ। ਬੋਲ ਚਾਲ ਚੁਸਤ, ਕੱਪੜੇ ਚੁਸਤ ਤੇ ਨਖ਼ਰਾ ਚੁਸਤ। ਹੋਰ ਕੀ ਪੜ੍ਹੀਆਂ ਲਿਖੀਆਂ ਦੇ ਸਿੰਗ ਹੁੰਦੇ ਨੇ?
ਬਲਵੰਤ ਦੇ ਗਵਾਂਢ ਵਿੱਚ ਚਹੁੰ ਪੰਜੀਂ ਘਰੀਂ ਜਿਹੜੀਆਂ ਨਵੀਆਂ ਵਹੁਟੀਆਂ ਆਈਆਂ ਹੋਈਆਂ ਹਨ, ਉਨ੍ਹਾਂ ਦੇ ਕਮੀਜ਼, ਉਨ੍ਹਾਂ ਦੀਆਂ ਸਲਵਾਰਾਂ ਕਿੰਨੀਆਂ ਤੰਗ ਹਨ। ਉਹ ਸਿਰ ਦੇ ਵਾਲ ਕਿੱਦਾਂ ਦੇ ਬਣਾ ਕੇ ਰੱਖਦੀਆਂ ਹਨ। ਉਹ ਵੀ ਤਾਂ ਅਨਪੜ੍ਹ ਹਨ। ਬਲਵੰਤ ਦੇ ਸੱਜੇ ਹੱਥ ਕੰਧ ਨਾਲ ਕੰਧ ਲੱਗਦੀ ਵਾਲਾ ਘਰ ਹੈ, ਜੋ ਉਨ੍ਹਾਂ ਦੀ ਇੱਕ ਰਿਸ਼ਤੇਦਾਰ ਕੁੜੀ ਦੋ ਮਹੀਨਿਆਂ ਤੋਂ ਇੱਥੇ ਆਈ ਹੋਈ ਸੀ। ਇਸੇ ਕੁੜੀ ਨੇ ਤਾਂ ਪੱਟ ਪਾਇਆ ਹੈ। ਏਸੇ ਕੁੜੀ ਨੂੰ ਦੇਖ ਕੇ ਤਾਂ ਉਸ ਦੀ ਪਤਨੀ ਵਿੱਚ ਲਾਲਸਾ ਪੈਂਦਾ ਹੋਈ ਹੈ ਕਿ ਉਸ ’ਤੇ ਵੀ ਨਵੀਂ ਜਵਾਨੀ ਆ ਜਾਵੇ। ਤੰਗ ਮੂਹਰੀ ਦੀ ਸਲਵਾਰ ਤਾਂ ਹੀ ਤਾਂ ਉਹ ਮੰਗਦੀ ਹੈ।
ਚਾਹੁੰਦਾ ਤਾਂ ਬਲਵੰਤ ਵੀ ਹੈ ਕਿ ਉਸ ਦੀ ਪਤਨੀ ਮਾਡਰਨ ਜਿਹੀ ਲੱਗੇ, ਪਰ...।
ਰਸੋਈ ਵਿੱਚ ਬੈਠੀ ਭਾਂਡੇ ਮਾਂਜਦੀ ਪਤਨੀ ਨੂੰ ਉਹ ਹਾਕ ਮਾਰਦਾ ਹੈ ਤੇ ਕਹਿੰਦਾ ਹੈ-"ਦੋ ਕੁ ਕੰਮ ਰਹਿ'ਗੇ, ਅਜੇ ਕਰਨ ਵਾਲੇ। ਕੱਲ੍ਹ ਨੂੰ ਫੇਰ ਜਾਣੈ ਸ਼ਹਿਰ। ਤੇਰੀ ਸਲਵਾਰ ਦਾ ਕੱਪੜਾ ਵੀ ਆ ਜੂ, ਕੱਲ੍ਹ ਨੂੰ-ਜ਼ਰੂਰ।"♦

ਤੰਗ ਮੂਹਰੀ ਦੀ ਸਲਵਾਰ

49