ਪੰਨਾ:ਰਾਵੀ - ਗੁਰਭਜਨ ਗਿੱਲ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਜ਼ਿਲ ਨੇੜੇ ਹੋ ਜਾਵੇ ਜਦ ਜਗਣ ਚਿਰਾਗ ਬਨੇਰੇ ਤੇ।
ਤੁਰਨਾ ਹੈ ਜਾਂ ਬਹਿ ਕੇ ਝੁਰਨਾ ਬਾਕੀ ਨਿਰਭਰ ਤੇਰੇ ਤੇ।

ਸੂਰਜ ਹੁੰਦਿਆਂ ਸੁੰਦਿਆਂ ਸੁੱਤੇ ਰਹਿਣ ਵਾਲਿਓ ਜਾਗ ਪਵੋ,
ਪਿੱਛੇ ਰਹਿ ਗਏ ਦੋਸ਼ ਧਰੋਗੇ, ਮਗਰੋਂ ਸਿਰਫ਼ ਹਨ੍ਹੇਰੇ ਤੇ।

ਸਿਰ ਤੇ ਤਾਰਾ ਮੰਡਲ ਤਣਿਆ, ਚਾਨਣ ਦੀ ਫੁਲਕਾਰੀ ਵਾਂਗ,
ਤੂੰ ਕਿਉਂ ਡਰੇਂ ਹਨ੍ਹੇਰੇ ਕੋਲੋਂ, ਗਗਨ ਚੰਦੋਆ ਤੇਰੇ ਤੇ।

ਰਾਤ ਦੀ ਬੁੱਕਲ ਅੰਦਰ ਕੀ ਕੁਝ, ਲੱਭ ਲੈ ਕੋਸ਼ਿਸ਼ ਕਰਕੇ ਤੂੰ,
ਬੇਹਿੰਮਤਾ ਕਿਉਂ ਸ਼ਿਕਵਾ ਕਰਦੈਂ, ਆਪਣੇ ਚਾਰ ਚੁਫ਼ੇਰੇ ਤੇ।

ਜਿਵੇਂ ਪਤੰਗ ਤੇ ਡੋਰ ਦਾ ਰਿਸ਼ਤਾ, ਟੁੱਟ ਜਾਵੇ ਤਾਂ ਜੁੜਦਾ ਨਾ,
ਤਨ ਤਾਂ ਰੁਲਦਾ, ਰੁੱਸ ਜਾਵੇ ਜੇ, ਰੂਹ ਸੱਜਣਾਂ ਦੇ ਡੇਰੇ ਤੇ।

ਤੇਰੇ ਰਾਹਾਂ ਅੰਦਰ ਚਾਨਣ, ਖ਼ੁਸ਼ਬੋਈਆਂ ਦਾ ਰੂਪ ਬਣਾਂ,
ਅਣਲਿਖਿਆ ਇਕਰਾਰ ਨਿਭਾਊਂ, ਕਰ ਵਿਸ਼ਵਾਸ ਤੂੰ ਮੇਰੇ ਤੇ।

ਆਸ ਉਮੀਦਾਂ ਵਾਲੀ ਕੰਨੀ, ਘੁੱਟ ਕੇ ਫੜ ਲੈ, ਛੱਤੀਂ ਨਾ,
ਚਾਂਦੀ ਰੰਗੀ ਕੋਰ ਲਿਸ਼ਕਦੀ, ਤੱਕ ਬੱਦਲਾਂ ਦੇ ਘੇਰੇ ਤੇ।

106