ਪੰਨਾ:ਰਾਵੀ - ਗੁਰਭਜਨ ਗਿੱਲ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਕਦਰੇ! ਤੂੰ ਅੱਖ ਵਿੱਚ ਅੱਥਰੂ, ਵੇਖ ਲਿਆ ਕਰ।
ਛਲਕ ਰਹੇ ਨੇ ਕਿੰਨੇ ਚਿਰ ਤੋਂ, ਵੇਖ ਲਿਆ ਕਰ।

ਦਿਲ ਦੀ ਧੜਕਣ ਤੇਜ਼ ਧੜਕਦੀ ਘੜੀਆਂ ਨਾਲੋਂ,
ਟਿਕ ਟਿਕ ਟਿਕ ਟਿਕ, ਰੁਕ ਨਾ ਜਾਵੇ, ਵੇਖ ਲਿਆ ਕਰ।

ਮੈਂ ਤੇਰੇ ਸੁਪਨੇ ਵਿੱਚ ਆ ਕੇ, ਬੈਠ ਗਿਆ ਹਾਂ,
ਘਰ ਆਏ ਮਹਿਮਾਨ ਕਦੇ ਤਾਂ, ਵੇਖ ਲਿਆ ਕਰ।

ਰੰਗਾਂ ਤੇ ਖ਼ੁਸ਼ਬੋਈਆਂ ਦੀ ਮੈਂ, ਜੂਨ ਪਿਆ ਹਾਂ,
ਵਿੱਚ ਕਿਆਰੀ ਖਿੜਿਆਂ ਨੂੰ ਵੀ, ਵੇਖ ਲਿਆ ਕਰ।

ਤੇਰੇ ਚਿਹਰੇ ਅੰਦਰ ਹਾਂ ਮੈਂ, ਹਾਜ਼ਰ ਨਾਜ਼ਰ,
ਸ਼ੀਸ਼ੇ ਅੰਦਰ ਆਪ ਕਦੇ ਤਾਂ, ਵੇਖ ਲਿਆ ਕਰ।

ਮਿਹਰ ਨਜ਼ਰ ਦੀ ਭਿੱਖਿਆ ਪਾ ਦੇ, ਕਰਮ ਕਮਾ ਦੇ,
ਦਿਲ ਦਰਵਾਜ਼ੇ ਜੋਗੀ ਆਏ, ਵੇਖ ਲਿਆ ਕਰ।

ਚੱਲ ਰੂਹੇ ਨੀ ਪਾਰ ਜਿਸਮ ਤੋਂ, ਇੱਕਲਵਾਂਝੇ,
ਦਿਲ ਜੇ ਚੁੱਪ ਹੈ, ਆਪ ਕਦੇ ਤਾਂ ਵੇਖ ਲਿਆ ਕਰ।

105