ਪੰਨਾ:ਰਾਵੀ - ਗੁਰਭਜਨ ਗਿੱਲ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਮੈਂ ਜੋ ਅੱਜ ਤੀਕ ਨਾ ਕੀਤਾ, ਚੱਲ ਦੋਵੇਂ ਰਲ਼ ਉਹ ਕੰਮ ਕਰੀਏ।
ਰੂਹ ਦੇ ਅੰਦਰੋਂ ਸਭ ਰੰਗ ਲੈ ਕੇ, ਸਾਹਾਂ ਦੀ ਪਿਚਕਾਰੀ ਭਰੀਏ।

ਮੈਂ ਬਣ ਜਾਨਾਂ ਕ੍ਰਿਸ਼ਨ ਘਨੱਈਆ ਤੇ ਤੂੰ ਬਣ ਜਾ ਲੋਕ ਰਾਧਿਕਾ,
ਹਰ ਪਲ ਹਰ ਸਾਹ ਕਣ ਕਣ ਹੋਲੀ, ਰੰਗਾਂ ਦੇ ਸਾਗਰ ਵਿੱਚ ਤਰੀਏ।

ਚੁੱਪ ਬੈਠੇ ਨੇ ਲੋਕ ਚਿਰਾਂ ਤੋਂ, ਦਰਦ ਸਮੁੰਦਰ ਗਲ ਗਲ ਭਰਿਆ,
ਲਾਵਾ ਨਾ ਬਣ ਜਾਵੇ ਕਿਧਰੇ, ਆ ਇਹ ਅਗਨੀਂ ਥਾਂ ਸਿਰ ਕਰੀਏ।

ਤੇਰੇ ਖੰਭ ਕਰਨ ਦੀ ਖ਼ਾਤਰ, ਤਿੱਖੀ ਕੈਂਚੀ ਸੋਨ ਸੁਨਹਿਰੀ,
ਵੇਖੀਂ ਐਵੇਂ ਘਿਰ ਨਾ ਜਾਵੀਂ, ਨੀ ਖ੍ਵਾਬਾਂ ਦੀ ਅੱਲੜ੍ਹ ਪਰੀਏ।

ਤਰਨ ਤਲਾਬ ਦੇ ਤਾਰੂ ਡੁੱਬਦੇ, ਦਰਿਆ ਦੇ ਹੜ੍ਹ ਅੱਗੇ ਵੇਖੀਂ,
ਦਿਲ ਦਰਿਆਵਾ ਤਕੜਾ ਹੋ ਜਾ, ਅਗਨ ਸਮੁੰਦਰ ਰਲ ਕੇ ਤਰੀਏ।

ਸੋਨ ਪਰੀ ਤੇ ਸਬਜ਼ ਕਬੂਤਰ, ਮਰਤਬਾਨ ਤੇ ਪਿੰਜਰੇ ਵਿੱਚੋਂ,
ਆ ਜਾ ਰਲ਼ ਕੇ ਮੁਕਤ ਕਰਾਈਏ, ਐਵੇਂ ਨਾ ਹੌਕੇ ਭਰ ਮਰੀਏ।

ਚੁੱਪ ਰਹਿਣਾ ਵੀ ਮੌਤ ਬਰਾਬਰ, ਮਨ ਦੀ ਰੋਜ਼ ਕਚਹਿਰੀ ਲੱਗੇ,
ਧਰਮ ਸਲਾਮਤ ਰੱਖਣ ਖ਼ਾਤਰ, ਹੱਕ ਦਾ ਪਰਚਮ ਉੱਚਾ ਕਰੀਏ।

104