ਪੰਨਾ:ਰਾਵੀ - ਗੁਰਭਜਨ ਗਿੱਲ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥੋਹਰਾਂ ਦੇ ਫੁੱਲ ਕਿੰਨੇ ਸੋਹਣੇ ਕੰਡਿਆਂ ਵਾਲੀ ਟਾਹਣੀ ਬਹਿੰਦੇ।
ਤੂੰ ਇਨ੍ਹਾਂ ਤੋਂ ਕੁਝ ਤਾਂ ਸਿੱਖ ਲੈ, ਚੁੱਪ ਕੀਤੇ ਇਹ ਕੀ ਕੁਝ ਕਹਿੰਦੇ।

ਸੱਜਣਾਂ ਵਾਲੇ ਭੇਸ 'ਚ ਬੰਦਾ, ਦੁਸ਼ਮਣੀਆਂ ਦੀ ਫ਼ਸਲ ਉਗਾਵੇ,
ਵੇਖ ਲਵੋ ਕਲਜੁਗ ਦਾ ਪਹਿਰਾ, ਅੱਗ ਤੇ ਪਾਣੀ ਇੱਕ ਥਾਂ ਰਹਿੰਦੇ।

ਰੰਗ ਮੁਹੱਬਤ ਵਾਲੇ ਪੱਕੇ, ਨਾ ਖ਼ੁਰਦੇ ਨਾ ਭੁਰਦੇ ਸਦੀਆਂ,
ਸੂਰਜ ਵਰਗੇ ਵੀ ਧਰਤੀ ਦੇ, ਚਾਰ ਚੁਫ਼ੇਰੇ ਚੜ੍ਹਦੇ ਲਹਿੰਦੇ।

ਮੇਰਾ ਦਿਲ ਦਰਿਆ ਨਿੱਤ ਵਗਦਾ, ਸਿੰਜਦਾ ਰੂਹ ਦੇ ਵੱਟਾਂ ਬੰਨੇ,
ਓਧਰ ਓਧਰ ਤਪਣ ਧਰਤੀਆਂ, ਜਿੱਧਰ ਨੂੰ ਇਹ ਨੀਰ ਨਾ ਵਹਿੰਦੇ।

ਇੱਕ ਲੈਂਦਾ ਏ ਜਾਨ ਤੇ ਦੂਜਾ, ਸੀਸ ਤਲੀ ਤੇ ਧਰ ਕੇ ਆਵੇ,
ਤਖ਼ਤ ਅਤੇ ਤਖ਼ਤਾ ਵੀ ਯਾਰੋ, ਦੋਵੇਂ ਇੱਕੋ ਥਾਂ ਨਹੀਂ ਡਹਿੰਦੇ।

ਦੋਸ਼ ਕਿਸੇ ਨੂੰ ਕੀ ਦੇਣਾ ਏਂ, ਦੋਚਿੱਤੀ ਹੀ ਵੈਰ ਪਈ ਹੈ,
ਮੇਰੇ ਵਰਗੇ ਮਨ ਦੇ ਕੋਹੜੀ, ਆਪਣੇ ਹੱਥੋਂ ਆਪੇ ਢਹਿੰਦੇ।

ਆ ਜਾ ਰਲ ਕੇ ਇੱਕ ਥਾਂ ਬਹੀਏ, ਦਿਲ ਦੀ ਸੁਣੀਏ ਆਪਣੀ ਕਹੀਏ,
ਸੁਰ ਤੇ ਸ਼ਬਦ ਮਿਲਾ ਕੇ ਗਾਈਏ, ਫੁੱਲ ਖੁਸ਼ਬੋਈ ਜੀਕੂੰ ਰਹਿੰਦੇ।

103