ਪੰਨਾ:ਰਾਵੀ - ਗੁਰਭਜਨ ਗਿੱਲ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਦੱਸਾਂ ਜੀ ਸਮਝ ਪਵੇ ਨਾ, ਅੱਜ ਤੜਕੇ ਦੀ ਅੱਖ ਪਈ ਫਰਕੇ।
ਜਾਂ ਤਾਂ ਖੜ੍ਹੀ ਮੁਸੀਬਤ ਸਿਰ ਤੇ, ਜਾਂ ਫਿਰ ਯਾਦ ਤੇਰੀ ਦੇ ਕਰਕੇ।

ਦਰਦ ਕਥਾਵਾਂ ਉਮਰੋਂ ਲੰਮੀਆਂ, ਸਾਂਭ ਜ਼ਬਾਨੀ ਰੱਖ ਨਹੀਂ ਸਕਣਾ,
ਲਿਖ ਛੱਡਿਆ ਕਰ ਏਥੇ ਆ ਕੇ, ਦਿਲ ਮੇਰੇ ਦੇ ਕੋਰੇ ਵਰਕੇ।

ਸਮਝ ਪਵੇ ਨਾ ਇਸ ਦੇ ਹੇਠਾਂ, ਕਿੰਜ ਨਿਕਲੇਗਾ ਜਿਸਮ ਸਬੂਤਾ,
ਰੂਹ ਤੇ ਪਰਬਤ ਆਣ ਪਿਆ ਹੈ, ਤੇਰੀ ਲੰਮੀ ਚੁੱਪ ਦੇ ਕਰਕੇ।

ਮੇਰੀ ਬੁੱਕਲ ਦੇ ਵਿੱਚ ਖ਼ਬਰੇ, ਕੀ ਕੁਝ ਸੱਜਣ ਛੱਡ ਜਾਂਦੇ ਨੇ,
ਬਹੁਤੀ ਵਾਰੀ ਦਰਦ ਕੰਵਾਰੇ, ਭੁੱਲ ਜਾਂਦੇ ਨੇ ਏਥੇ ਧਰ ਕੇ।

ਨਰਕ ਸੁਰਗ ਦੀ ਅਸਲ ਹਕੀਕਤ, ਮੈਨੂੰ ਜਿੰਨੀ ਸਮਝ ਪਈ ਹੈ,
ਤਨ ਦਾ ਤਪਣਾ ਨਰਕ ਬਰਾਬਰ, ਸੁਰਗ ਸਬੂਤੀ ਰੂਹ ਨੂੰ ਵਰ ਕੇ।

ਤੂੰ ਮੇਰਾ ਖ਼ਾਕਾ ਤਾਂ ਬੁਣਿਆ, ਪਰ ਹੁਣ ਇਹ ਵੀ ਕਰਮ ਕਮਾ ਦੇ,
ਨਕਸ਼ ਨੁਹਾਰ ਨਿਖ਼ਾਰ ਮੁਸੱਵਰ, ਰੂਹ ਵਾਲੇ ਰੰਗਾਂ ਨੂੰ ਭਰ ਕੇ।

ਜ਼ਿੰਦਗੀ ਹੈ ਰੰਗਾਂ ਦਾ ਮੇਲਾ, ਗੂੜ੍ਹੀ ਫਿੱਕੀ ਜਿਉਂ ਸਤਰੰਗੀ,
ਆ ਜਾ ਰਲ਼ ਕੇ ਪੀਂਘ ਚੜ੍ਹਾਈਏ, ਲੰਘ ਚੱਲੀ ਹੈ ਉਮਰਾ ਡਰ ਕੇ।

102