ਪੰਨਾ:ਰਾਵੀ - ਗੁਰਭਜਨ ਗਿੱਲ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਪੁੱਛਿਆ ਗਣਤੰਤਰ ਕੀ ਹੈ, ਕਿਹੜਾ ਗਣ ਤੇ ਕਿਹੜਾ ਤੰਤਰ।
ਇਹ ਤਾਂ ਭੇਡਾਂ ਚਾਰਨ ਵਾਲੇ, ਆਜੜੀਆਂ ਹੱਥ ਆਇਆ ਮੰਤਰ।

ਸੀਸ ਵਾਰ ਕੇ ਤੁਰ ਗਏ ਜਿਹੜੇ, ਜੇ ਪੁੱਛਣ ਤਾਂ ਕੀ ਆਖਾਂਗੇ,
ਚੋਣਾਂ ਦੇ ਨਾਂ ਥੱਲੇ ਏਥੇ, ਹੁੰਦਾ ਫਿਰਦਾ ਕੀਹ ਛੜਯੰਤਰ।

ਨਬਜ਼ ਸਮੇਂ ਦੀ ਦੱਸਣ ਵਾਲਾ, ਦਿੱਲੀ ਵਿੱਚ ਉਦਾਸ ਬੜਾ ਹੈ,
ਧਰਨੇ ਰੋਸ ਮੁਜ਼ਾਹਰੇ ਮਗਰੋਂ, ਚੁੱਪ ਬੈਠਾ ਹੈ ਜੰਤਰ ਮੰਤਰ।

ਲੁੱਟਣ ਕੁੱਟਣ ਵਾਲੇ ਦੇ ਹੱਥ, ਤੂੰ ਤੇ ਡੋਰਾਂ ਆਪ ਫੜਾਈਆਂ,
ਚੱਲ ਜਮੂਰੇ ਕਹੇ ਮਦਾਰੀ, ਤੇਰਾ ਮੇਰਾ ਏਹੀ ਅੰਤਰ।

ਬੈਠਾ ਰਹਿ ਤੂੰ ਦਾਰੂ ਪੀਂਦਾ, ਭੁੱਕੀ ਮਲਦਾ ਖ਼ੁਦ ਨੂੰ ਛਲਦਾ,
ਤੇਰੇ ਖੰਭ ਕੁਤਰ ਕੇ ਹੋ ਗਏ, ਦੁਸ਼ਮਣ ਤੇਰੇ ਬਹੁਤ ਉਡੰਤਰ।

ਤੇਰੇ ਮੁਕਤੀਦਾਤਾ ਬਹਿ ਗਏ, ਬਾਈ ਮੰਜੇ ਤੱਕ ਲੈ ਡਹਿ ਗਏ,
ਖ਼ੁਦਗ਼ਰਜ਼ੀ ਦੀ ਚਾਰ ਦੀਵਾਰੀ, ਕਰਨ ਗੁਲਾਮੀ ਕਹਿਣ ਸੁਤੰਤਰ।

ਕਰਮਭੂਮ ਨੂੰ ਧਰਮ ਬਣਾ ਲੈ, ਜੇ ਚਾਹੇਂ ਸੱਤੇ ਖੈਰਾਂ,
ਆਪਣਾ ਮੂਲ ਪਛਾਨਣ ਵਾਲਾ, ਦਿੱਤਾ ਤੈਨੂੰ ਜੋ ਗੁਰਮੰਤਰ।

101