ਪੰਨਾ:ਰਾਵੀ - ਗੁਰਭਜਨ ਗਿੱਲ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਦੀਵੇ ਤੋਂ ਦੂਜਾ ਜਗਦਾ, ਕੁਝ ਨਹੀਂ ਘਟਦਾ ਚਾਨਣ ਦਾ।
ਵੰਡਿਆ ਕਰ ਤੂੰ ਰੌਸ਼ਨੀਆਂ ਨੂੰ, ਵਕਤ ਹੈ ਰਲ ਕੇ ਮਾਨਣ ਦਾ।

ਰਾਹਗੀਰਾਂ ਨੂੰ ਰੁੱਖ ਹਰਿਆਲੇ, ਸਿਰਨਾਵਾਂ ਤਾਂ ਪੁੱਛਦੇ ਨਹੀਂ,
ਵਕਤ ਖੁੰਝਾਉਂਦੇ ਨਾ ਉਹ ਇੱਕ ਪਲ, ਸਿਰ ਤੇ ਛਤਰੀ ਤਾਨਣ ਦਾ।

ਬਹੁਤੀ ਵਾਰੀ ਸ਼ੀਸ਼ੇ ਕੋਲੋਂ, ਡਰ ਜਾਂਦੇ ਹਾਂ, ਖਵਰੇ ਕਿਉਂ,
ਇਹ ਹੀ ਨੁਕਤਾ ਦੱਸਦੈ ਸਾਨੂੰ, ਖ਼ੁਦ 'ਚੋਂ ਖ਼ੁਦ ਨੂੰ ਜਾਨਣ ਦਾ।

ਏਨੀ ਗੂੜ੍ਹੀ ਰਾਤ ਹਨ੍ਹੇਰੀ, ਵੇਖੋ ਜੁਗਨੂੰ ਕੀਹ ਕਹਿੰਦਾ,
ਉੱਡਣੇ ਪੁੱਡਣੇ ਵੀਰੋ ਆਉ, ਇਹ ਹੀ ਵਕਤ ਸੰਭਾਲਣ ਦਾ।

ਅੱਖੀਆਂ ਮੀਟ ਕਦੇ ਨਾ ਬੈਠੋ, ਜੇ ਜੀਂਦੇ ਪਰਮਾਣ ਦਿਓ,
ਦਰਦ ਉਡੀਕੇ ਸੂਰਮਿਆਂ ਨੂੰ, ਵਕਤ ਨਹੀਂ ਇਹ ਟਾਲਣ ਦਾ।

'ਵਾਜਾਂ ਮਾਰ ਬੁਲਾਵੇ ਪੁੱਤਰਾ, ਮਰਯਾਦਾ ਇਸ ਮਿੱਟੀ ਦੀ,
ਇਸ ਦਾ ਨੇਮ ਪੁਰਾਣਾ ਸਦੀਆਂ, ਲੱਗੀਆਂ ਦੀ ਲੱਜ ਪਾਲਣ ਦਾ।

ਟਾਵਾਂ ਟਾਵਾਂ ਤਾਰਾ ਟਿਮਕੇ, ਤੜਕਸਾਰ ਜਹੇ ਰਾਤ ਢਲੇ,
ਏਸੇ ਦੀ ਬੁੱਕਲ ਵਿੱਚ ਸਰਘੀ, ਜਿਗਰਾ ਕਰ ਤੂੰ ਭਾਲਣ ਦਾ।

108