ਪੰਨਾ:ਰਾਵੀ - ਗੁਰਭਜਨ ਗਿੱਲ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤਾ ਨਹੀਂ, ਜ਼ਿੰਦਗੀ, ਤੂੰ ਕੀ ਪੜ੍ਹਾਇਆ, ਹਾਦਸੇ ਵਰਗਾ।
ਕਿ ਉਸ ਤੋਂ ਬਾਦ ਕੁਝ ਵੀ ਰਹਿ ਗਿਆ ਨਾ, ਜ਼ਿੰਦਗੀ ਵਰਗਾ।

ਮੈਂ ਅਕਸਰ ਸੋਚਦਾ ਹਾਂ, ਕਦ ਮਿਲੇਗਾ ਇਸ਼ਟ ਇਨ੍ਹਾਂ ਨੂੰ,
ਜਿਨ੍ਹਾਂ ਨੂੰ ਰਾਤ ਦਿਨ ਹੀ ਭਰਮ ਰਹਿੰਦਾ ਬੰਦਗੀ ਵਰਗਾ।

ਤੁਸੀਂ ਮਿਥਿਹਾਸ ਨੂੰ ਇਤਿਹਾਸ ਦੇ ਭਾਅ, ਵੇਚਣਾ ਚਾਹੋ,
ਖ਼ੁਦਾਇਆ ਕਿਉਂ ਵਿਖਾਇਆ ਵਕਤ ਇਹ, ਬੇਹੂਦਗੀ ਵਰਗਾ।

ਕਦੇ ਬਾਜ਼ਾਰ ਵਿੱਚ ਵਿਕਦੇ ਸੀ ਸੌਦੇ, ਸਿਰਫ਼ ਜਿਸਮਾਂ ਦੇ,
ਇਹ ਰੂਹ ਕੀ ਮੰਗਦੀ ਹੈ, ਵਣਜ ਕਰਕੇ ਦਿਲਲਗੀ ਵਰਗਾ।

ਮੈਂ ਜੋ ਵੀ ਸੋਚਦਾ ਹਾਂ, ਕਹਿਣ ਵੇਲੇ ਜਰਕ ਜਾਂਦਾ ਹਾਂ,
ਮੇਰੇ ਵਿੱਚ ਕੌਣ ਆ ਬੈਠਾ ਹੈ, ਬਿਲਕੁਲ ਅਜਨਬੀ ਵਰਗਾ।

ਹਜ਼ਾਰਾਂ ਪੁਸਤਕਾਂ ਪੜ੍ਹੀਆਂ ਪੜ੍ਹਾਈਆਂ ਕੰਮ ਨਾ ਆਈਆਂ,
ਕਿਤੋਂ ਵੀ ਹਰਫ਼ ਨਾ ਮਿਲਿਆ, ਨਿਰੰਤਰ ਤਾਜ਼ਗੀ ਵਰਗਾ।

ਲਬਾਂ ਤੇ ਜਾਨ ਹੈ, ਈਮਾਨ ਮੇਰਾ ਲੜਖੜਾਉਂਦਾ ਹੈ,
ਭਲਾ ਦਿੱਤਾ ਕਿਉਂ ਤੂੰ ਇਹ ਇਸ਼ਾਰਾ ਬੇਰੁਖ਼ੀ ਵਰਗਾ।

109