ਪੰਨਾ:ਰਾਵੀ - ਗੁਰਭਜਨ ਗਿੱਲ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੀ ਵੀ ਇਹ ਮਾਂ ਧਰਤੀ ਹੈ, ਤੈਥੋਂ ਡਰ ਕੇ ਜੈ ਕਿਉਂ ਕਹੀਏ?
ਚਾਰੇ ਚੱਕ ਜਾਗੀਰ ਅਸਾਡੀ, ਜਿੱਥੇ ਜਿੱਦਾਂ ਮਰਜ਼ੀ ਰਹੀਏ।

ਸੀਸ ਤਲੀ ਤੇ ਆਪਾਂ ਧਰੀਏ, ਦੇਸ਼ ਆਜ਼ਾਦ ਕਰਾਵਣ ਵੇਲੇ,
ਹੁਣ ਤੂੰ ਭਾਗ ਵਿਧਾਤਾ ਬਣਦੈਂ, ਦੱਸਦੈਂ ਕਿੱਥੇ ਉੱਠੀਏ ਬਹੀਏ।

ਸਾਡੀ ਧਰਤੀ ਵੇਦ ਵਿਆਸੀ, ਵਾਲਮੀਕਿ, ਨਾਨਕ ਦੀ ਵਾਸੀ,
ਸ਼ਬਦ ਗੁਰੂ ਨੇ ਸਾਵੇਂ ਰੱਖੇ, ਇਸ ਜ਼ਿੰਦਗੀ ਦੇ ਚਾਰੇ ਪਹੀਏ।

ਤੇਰੀ ਲਿਖੀ ਇਬਾਰਤ ਅੰਦਰ, ਇੱਕੋ ਰੰਗ ਦੀ ਮੂਰਤ ਦਿਸਦੀ,
ਏਸੇ ਬੇਵਿਸ਼ਵਾਸੀ ਕਰਕੇ, ਇੱਕ ਦੂਜੇ ਦੀ ਨਜ਼ਰੋਂ ਲਹੀਏ।

ਵਤਨ ਮੇਰਾ ਫੁਲਕਾਰੀ ਵਰਗਾ, ਖੱਦਰ ਸ਼ਕਤੀ ਰੇਸ਼ਮ ਡੋਰਾਂ,
ਸਭ ਰੰਗਾਂ ਦਾ ਮੇਲਾ ਧਰਤੀ, ਸਭ ਦੀ ਸੁਣੀਏ, ਸਭ ਨੂੰ ਕਹੀਏ।

ਰਾਜ ਭਾਗ ਤਾਂ ਆਉਣੇ ਜਾਣੇ, ਬੱਦਲਾਂ ਦੇ ਪਰਛਾਵੇਂ ਵਾਂਗੂੰ,
ਫੁੱਲਾਂ ਵਿੱਚ ਖੁਸ਼ਬੋਈ ਜੀਕੂੰ, ਰੰਗਾਂ ਅੰਦਰ ਵੱਸਦੇ ਰਹੀਏ।

ਮਨ ਤੋਂ ਮਨ ਵਿਚਕਾਰ ਪਸਰਿਆ, ਸਹਿਮ ਜਿਹਾ ਤੇ ਚੁੱਪ ਦਾ ਪਹਿਰਾ,
ਰੁੱਖ ਘਣਛਾਵੇਂ ਦੀ ਜੜ੍ਹ ਇੱਕੋ, ਟਾਹਣਾਂ ਵਾਂਗੂੰ ਕਾਹਨੂੰ ਖਹੀਏ।

110