ਪੰਨਾ:ਰਾਵੀ - ਗੁਰਭਜਨ ਗਿੱਲ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਵੀ ਪਾਰੋਂ ਅਸਦ ਅਮਾਨਤ*, ਗਾ ਕੇ ਲਾਹਵੇ ਜਾਲ਼ੇ।
ਸੁਰਖ਼ ਗੁਲਾਬਾਂ ਦੇ ਮੌਸਮ ਕਿਉਂ, ਫੁੱਲਾਂ ਦੇ ਰੰਗ ਕਾਲ਼ੇ।

ਕਿਰਤੀ ਦੇ ਹੱਥਾਂ ਨੂੰ ਕੜੀਆਂ, ਹੋਰ ਮੁਸੀਬਤਾਂ ਬੜੀਆਂ,
ਜੇ ਬੋਲੇ ਤਾਂ ਤੁਰਤ ਲਗਾਉਂਦੇ, ਜੀਭਾਂ ਉੱਪਰ ਤਾਲੇ।

ਸ਼ਹਿਰ ਸ਼ਿਕਾਗੋ ਵਰਗਾ ਨਕਸ਼ਾ, ਹਰ ਜ਼ਾਲਮ ਦੇ ਮੱਥੇ,
ਓਹੀ ਲਾਠੀ ਓਹੀ ਗੋਲ਼ੀ, ਕੀ ਗੋਰੇ ਕੀ ਕਾਲ਼ੇ।

ਹਾਕਮ ਹੁਕਮ ਚਲਾਉਣ ਦੀ ਖ਼ਾਤਰ, ਕੀ ਕੀ ਰੰਗ ਵਟਾਉਂਦੇ,
ਭੇਸ ਵਟਾਉਂਦੇ ਵਾਰੀ-ਵਾਰੀ, ਰਾਣੀ ਖਾਂ ਦੇ ਸਾਲੇ।

ਜ਼ਿੰਦਗੀ ਵਾਲਾ ਘੁੰਮਦਾ ਪਹੀਆ, ਲੀਹ ਤੋਂ ਲੱਥਿਆ ਸਾਡਾ,
ਕਿਸ ਜੰਗਲ ਨੂੰ ਤੁਰ ਪਏ ਸਾਰੇ ਜੋਗੀ ਅਕਲਾਂ ਵਾਲੇ।

ਬੱਤੀ ਦੰਦਾਂ ਅੰਦਰ ਜੀਭਾ, ਜੀਕੂੰ, ਜਾਨ ਬਚਾਉਂਦੀ,
ਇੰਜ ਕਿਉਂ ਲੱਗਦੈ, ਲੁਕਦੇ ਫਿਰਦੇ, ਹੱਕ ਸੱਚ ਦੇ ਰਖਵਾਲੇ।

ਹੁਣ ਤਾਂ ਕੁਰਸੀ ਮੇਜ਼ ਨਿਬੇੜੇ, ਰਣ ਭੂਮੀ ਦੇ ਰੌਲ਼ੇ,
ਮੈਂ ਕਿਉਂ ਹਾਲੇ ਚੁੱਕੀ ਫਿਰਦਾਂ, ਨੇਜ਼ੇ, ਛਵ੍ਵੀਆਂ, ਭਾਲੇ।

* ਪਾਕਿਸਤਾਨ ਦਾ ਲੋਕ ਗਾਇਕ ਅਸਦ ਅਮਾਨਤ ਅਲੀ

111