ਪੰਨਾ:ਰਾਵੀ - ਗੁਰਭਜਨ ਗਿੱਲ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਬ ਸਰੂਰ ਜਿਹਾ ਇੱਕ ਮਿਲਦੈ, ਸ਼ਹਿਰ ਤੇਰੇ 'ਚੋਂ ਲੰਘਦਿਆਂ ਵੀ।
ਰਹਿ ਨਹੀਂ ਹੋਇਆ, ਕਹਿ ਦਿੱਤਾ ਹੈ, ਤੈਨੂੰ ਇਹ ਮੈਂ ਸੰਗਦਿਆਂ ਵੀ।

ਨੀਮ ਜ਼ਹਿਰ ਵਿੱਚ ਘੂਕ ਪਿਆ ਹਾਂ, ਕੈਸਾ ਡੰਗ ਚਲਾਇਆ ਹੈ ਤੂੰ,
ਸ਼ੁਕਰ ਤੇਰਾ ਤੂੰ ਚੇਤੇ ਰੱਖੀ, ਰਿਸ਼ਤੇਦਾਰੀ ਡੰਗਦਿਆਂ ਵੀ।

ਇਹ ਤਾਂ ਤੈਨੂੰ ਐਵੇਂ ਲੱਗਦੈ, ਅੱਜ ਮੁਹੱਬਤ ਖ਼ਤਰੇ ਵਿੱਚ ਹੈ,
ਕਸਰ ਨਹੀਂ ਸੀ ਛੱਡੀ ਹੀਰੇ, ਚਾਚੇ ਤਾਇਆਂ ਝੰਗ ਦਿਆਂ ਵੀ।

ਰਾਤ ਦੀ ਰਾਣੀ ਬਣ ਚੰਬੇਲੀ, ਸਾਹੀਂ ਵੱਸ ਜਾ ਲਾਜਵੰਤੀਏ,
ਸੱਚ ਪੁੱਛੇ ਤਾਂ ਡਰ ਜਾਂਦਾ ਹਾਂ, ਖ਼ੁਸ਼ਬੂ ਤੈਥੋਂ ਮੰਗਦਿਆਂ ਵੀ।

ਸੱਚ ਤੇ ਹੱਕ ਜਤਾਉਣ ਦੀ ਕੀਮਤ, ਸੀਸ ਵਾਰ ਕੇ ਤਾਰ ਨੀ ਜਿੰਦੇ,
ਜ਼ਾਲਮ ਨੇ ਨਹੀਂ ਪੁੱਛਣਾ ਪਹਿਲਾਂ, ਤੈਨੂੰ ਸੂਲੀ ਟੰਗਦਿਆਂ ਵੀ।

ਥਿੰਦੇ ਕਾਗ਼ਜ਼ ਉੱਤੇ ਮੇਰੇ, ਸ਼ਬਦ ਇਬਾਰਤ ਤਾਂ ਨਹੀਂ ਬਣਨੇ,
ਮੈਂ ਕਿਉਂ ਹਾਰਾਂ ਹਿੰਮਤ, ਤੇਰੀ ਰੂਹ ਵਿੱਚ, ਰੂਹ ਨੂੰ ਰੰਗਦਿਆਂ ਵੀ।

ਮੈਂ ਤਾਂ ਤੇਰੀ ਅਰਦਲ ਅੰਦਰ, ਹੋ ਬੈਠਾ ਹਾਂ ਬੇ ਹਥਿਆਰਾ,
ਤੂੰ ਕਿਉਂ ਭਰਮ ਭੁਲੇਖੇ ਪਾਲੇ, ਮੇਰੀ ਤਾਕਤ ਅੰਗਦਿਆਂ ਵੀ।

112