ਪੰਨਾ:ਰਾਵੀ - ਗੁਰਭਜਨ ਗਿੱਲ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਦੱਸਾਂ ਕੀ ਦੱਸਾਂ ਯਾਰਾ, ਰਾਵੀ ਮੈਨੂੰ ਦੇਸ ਵਾਂਗ ਹੈ।
ਜਿੱਥੇ ਆਹ ਮੈਂ ਰਹਿੰਦਾ ਮਰਦਾਂ, ਇਹ ਤਾਂ ਸਭ ਪਰਦੇਸ ਵਾਂਗ ਹੈ।

ਬੇਦਖ਼ਲਾਂ ਵਿੱਚ ਮੇਰਾ ਨਾਵਾਂ, ਲਿਖਣਾ ਚਾਹੋ ਲਿਖ ਸਕਦੇ ਹੋ,
ਇਹ ਧਰਤੀ ਤਾਂ ਸਾਡੀ ਖ਼ਾਤਰ, ਬਿਲਕੁਲ ਪਾਟੇ ਖੇਸ ਵਾਂਗ ਹੈ।

ਸ਼ਿਵ ਤੇ ਫ਼ੈਜ਼ ਸੀ ਪੁਰਖੇ ਮੇਰੇ, ਕਾਦਰਯਾਰ ਸਵਾਮੀਂ ਰਮਿਆ,
ਆਹ ਜੋ ਸ਼ਬਦ ਸੁਣਾਂ, ਮੈਂ ਲਿਖਦਾਂ, ਰੂਹ ਤੇ ਨਕਲੀ ਵੇਸ ਵਾਂਗ ਹੈ।

ਬਾਬਰ ਵਾਲੀ ਜਾਬਰ ਚੱਕੀ, ਗੇੜ ਰਿਹਾਂ ਪਰ ਝੁਕਿਆ ਨਾ ਮੈਂ,
ਹੱਕ ਸੱਚ ਤੇ ਇਨਸਾਫ਼ ਦੀ ਖ਼ਾਤਰ, ਪੈ ਗਏ ਝੂਠੇ ਕੇਸ ਵਾਂਗ ਹੈ।

ਆਜ਼ਾਦੀ ਦੇ ਪਰਚਮ ਨੂੰ ਮੈਂ, ਇੱਕ ਦਿਨ ਪੁੱਛਿਆ,ਕਿੱਦਾਂ ਲੱਗਦੈ,
ਓਸ ਕਿਹਾ ਬੱਸ ਲਟਕ ਰਿਹਾਂ, ਪਰ, ਦਿਲ ਤਾਂ ਲੱਗੀ ਠੇਸ ਵਾਂਗ ਹੈ।

ਹਰ ਮੌਸਮ ਵਿੱਚ ਧੁੱਪੇ ਛਾਵੇਂ, ਮੀਂਹ ਕਣੀਆਂ ਬਰਫ਼ਾਨੀ ਰੁੱਤੇ,
ਵਣ ਹਰਿਆਲੇ ਨੂੰ ਜਿਉਂ ਕੱਜਣ, ਸ਼ਬਦ ਬਗੀਚਾ ਭੇਸ ਵਾਂਗ ਹੈ।

ਇਹ ਮਨ ਚੰਚਲ ਕੁੱਜੇ ਅੰਦਰ, ਸਗਲ ਸ੍ਰਿਸ਼ਟੀ ਪਾਉਣਾ ਚਾਹੇ,
ਸੱਚ ਪੁੱਛੋ ਤਾਂ ਮੇਰੀ ਹਾਲਤ, ਬਿਲਕੁਲ ਬਾਲ ਵਰੇਸ ਵਾਂਗ ਹੈ।

113