ਪੰਨਾ:ਰਾਵੀ - ਗੁਰਭਜਨ ਗਿੱਲ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲਣ ਆਇਆ ਧਰਤ ਨੂੰ, ਮਿਲ ਕੇ ਬਰਾਬਰ ਹੋ ਗਿਆ।
ਇਸ ਤਰ੍ਹਾਂ ਕਿਉਂ ਜਾਪਦਾ, ਨੀਵਾਂ ਹੈ ਅੰਬਰ ਹੋ ਗਿਆ।

ਮਾਰ ਕੇ ਆਵਾਜ਼ ਮਗਰੋਂ, ਤੂੰ ਸੀ ਮੈਨੂੰ ਕੀ ਕਿਹਾ,
ਯਾਦ ਨਾ, ਪਰ ਵੇਖ ਮੇਰਾ, ਦਿਲ ਤਾਂ ਕਾਫ਼ਰ ਹੋ ਗਿਆ।

ਝੜ ਗਏ ਪੱਤਰ ਪੁਰਾਣੇ, ਫਿਰ ਪੁੰਗਾਰਾ ਪੁੰਗਰਿਆ,
ਕੋਪਲਾਂ ਦਾ ਬਦਨ ਹੀ, ਰੱਬ ਦਾ ਪੈਗੰਬਰ ਹੋ ਗਿਆ।

ਅੱਥਰੂ ਜਦ ਅੱਖ ਅੰਦਰ ਸੀ ਤਾਂ, ਤੁਪਕੇ ਵਾਂਗ ਸੀ,
ਵਹਿ ਗਿਆ ਤਾਂ ਵੇਖ ਲੈ, ਪਲ ਵਿੱਚ ਸਮੁੰਦਰ ਹੋ ਗਿਆ।

ਫੇਰ ਧੋਖਾ ਖਾਣ ਮਗਰੋਂ, ਕਿਉਂ ਭਲਾ ਖਾਂਦਾ ਵਿਸਾਹ,
ਹੁਣ ਤਾਂ ਇਹ ਦਿਲ ਜਾਪਦੈ, ਮੇਰੇ ਤੋਂ ਨਾਬਰ ਹੋ ਗਿਆ।

ਜਾਪਦੈ ਬਾਜ਼ਾਰ ਦੀ, ਲੱਗੀ ਹੈ ਇਸ ਨੂੰ ਇਹ ਹਵਾ,
ਰਿਸ਼ਤਿਆਂ ਦਾ ਚਿਹਨ ਚੱਕਰ ਵੀ ਆਡੰਬਰ ਹੋ ਗਿਆ।

ਕੱਢ ਕੇ ਸ਼ੀਸ਼ਾ ਵਿਖਾਇਆ, ਮੈਂ ਕਿਹਾ, ਕਿ ਵੇਖ ਲਓ,
ਬਦ ਗੁਮਾਨਾਂ ਸਮਝਿਆ, ਸਾਡਾ ਨਿਰਾਦਰ ਹੋ ਗਿਆ।

114