ਪੰਨਾ:ਰਾਵੀ - ਗੁਰਭਜਨ ਗਿੱਲ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਵੇਂ ਲਿਖੀਂ ਤੂੰ ਮੁਹੱਬਤੀ ਇਹ ਗ਼ਜ਼ਲ ਅਤੇ ਗੀਤ।
ਕਿੱਦਾਂ ਸ਼ਬਦਾਂ ਪਰੋਨੈਂ, ਵਿੱਚ ਰਾਵੀ ਦਾ ਸੰਗੀਤ।

ਸੁਣੋ ਇੱਕ ਵਾਰ ਸੁਣੋ, ਮੇਰਾ ਪਿੱਛਾ ਨਾਰੋਵਾਲ,
ਅਸੀਂ ਉੱਜੜੇ ਆਜ਼ਾਦੀ ਹੱਥੋਂ, ਸੁਣੋ ਮੇਰੇ ਮੀਤ।

ਕਿੱਥੇ ਸੁੱਟਿਆ ਲਿਆ ਕੇ ਸਾਨੂੰ, ਵੰਡ ਤੇ ਵੰਡਾਰੇ,
ਜੜ੍ਹਾਂ ਅੱਜ ਤੀਕ ਭੁੱਲੀਆਂ, ਨਾ ਪਿਛਲੀ ਪ੍ਰੀਤ।

ਜਿਸ ਪਿੰਡ ਵਿੱਚ ਜੰਮਿਆ ਤੇ, ਪਾਇਆ ਪਹਿਲਾ ਊੜਾ,
ਓਸ ਪਾਠਸ਼ਾਲ ਥਾਵੇਂ ਪਹਿਲਾਂ ਹੁੰਦੀ ਸੀ ਮਸੀਤ।

ਸਾਨੂੰ ਦਰਦਾਂ ਪੜ੍ਹਾਇਆ ਹੈ ਮੁਹੱਬਤਾਂ ਦਾ ਕਾਇਦਾ,
ਤਾਂ ਹੀ ਪੈਰ ਪੈਰ ਉੱਤੇ ਪਿੱਛਾ ਛੱਡੇ ਨਾ ਅਤੀਤ।

ਭਾਵੇਂ ਯਮਲਾ ਜੀ ਗਾਉਣ ਭਾਵੇਂ ਆਲਮ ਲੋਹਾਰ,
ਸਦਾ ਲੱਗੇ ਮੈਨੂੰ ਗਾਉਣ ਸਾਡੇ ਪਿੰਡ ਦਾ ਸੰਗੀਤ।

ਏਸ ਧਰਤੀ ਦੇ ਵੇਦ, ਸਾਰੇ ਗਰੰਥ ਤੇ ਕੁਰਾਨ,
ਦੱਸੋ ਕਿਹੜਾ ਕਹੇ ਪੁੱਤ, ਕਰੋ ਜ਼ਿੰਦਗੀ ਪਲੀਤ।

115