ਪੰਨਾ:ਰਾਵੀ - ਗੁਰਭਜਨ ਗਿੱਲ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੂਨ ਜਿਗਰ ਦਾ ਪਾਉਣਾ ਪੈਂਦਾ, ਸ਼ਬਦ ਸਦਾ ਕੁਰਬਾਨੀ ਮੰਗਦੇ।
ਜੇ ਬੋਲੋ ਤਾਂ ਜਾਨ ਨੂੰ ਖ਼ਤਰਾ, ਨਾ ਬੋਲੋ ਤਾਂ ਸੂਲੀ ਟੰਗਦੇ।

ਹਰ ਪਲ ਜੀਕੂੰ ਇਮਤਿਹਾਨ ਹੈ, ਰਹਿਣਾ ਪੈਂਦੈ ਲੱਤ ਇੱਕੋ ਤੇ,
ਚੌਕੀਦਾਰ ਤੋਂ ਸਖ਼ਤ ਨੌਕਰੀ, ਫ਼ਿਕਰ ਚੁਫ਼ੇਰਿਓਂ ਰਹਿੰਦੇ ਡੰਗਦੇ।

ਖਿੱਲਰੇ ਪੁੱਲਰੇ ਸੁਪਨ ਹਜ਼ਾਰਾਂ, ਸ਼ਬਦਾਂ ਨੂੰ ਮੈਂ ਰਹਾਂ ਸੌਂਪਦਾ,
ਦਿਨ ਤੇ ਰਾਤ ਮੈਂ ਚੁਗਦਾ ਰਹਿੰਦਾ, ਖਿੱਲਰੇ ਟੋਟੇ ਰੰਗਲੀ ਵੰਗ ਦੇ।

ਮਸ਼ਕ ਘਨੱਈਏ ਵਾਲੀ ਮੇਰੇ, ਸ਼ਬਦ ਉਸੇ ਪਲ ਬਣ ਜਾਂਦੇ ਨੇ,
ਵਤਨਾਂ ਦੀ ਰਖਵਾਲੀ ਕਹਿ ਕੇ, ਬਣਨ ਆਸਾਰ ਜਦੋਂ ਵੀ ਜੰਗ ਦੇ।

ਇਹ ਵੈਰੀ ਨੇ ਮਾਨਵਤਾ ਦੇ, ਤਾਰ ਤਾਰ ਫੁਲਕਾਰੀਆਂ ਕਰਦੇ,
ਜੋ ਕਹਿੰਦੇ ਨੇ ਵਤਨ ਹਮਾਰਾ, ਹੋ ਜਾਓ ਸਭ ਇੱਕੋ ਰੰਗ ਦੇ।

ਸੱਚ ਪੁੱਛੋ ਤਾਂ ਤੋਰੀ ਫਿਰਦੀ, ਮਿਰਗ ਨੂੰ ਜੀਕਣ ਗੰਧ ਕਥੂਰੀ,
ਸ਼ਬਦ ਬਿਨਾ ਮੈਂ ਰੁਲ ਜਾਣਾ ਸੀ, ਜ਼ਿੰਦਗੀ ਜਾਂਦੀ ਭਾੜੇ ਭੰਗ ਦੇ।

ਦੇਸ਼ ਆਜ਼ਾਦ ਭਲਾ ਕੀ ਹੋਇਆ, ਮੇਰੀ ਰਾਵੀ ਹੋ ਗਈ ਟੁਕੜੇ,
ਪਹਿਲੀ ਵਾਰੀ ਤੱਕਿਆ ਜੱਗ ਨੇ, ਏਨੇ ਟੋਟੇ ਇੱਕੋ ਅੰਗ ਦੇ।

116