ਪੰਨਾ:ਰਾਵੀ - ਗੁਰਭਜਨ ਗਿੱਲ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਨ ਕੱਜਣ ਲਈ ਵਸਤਰ ਚੁਣੀਏ, ਉੱਠਦਿਆਂ ਹੀ ਰੋਜ਼ ਸਵੇਰੇ।
ਸ਼ਬਦ ਵਿਚਾਰ ਕਿਉਂ ਨਾ ਧਰੀਏ, ਮਨ ਮੰਦਰ ਦੇ ਸਿਖ਼ਰ ਬਨੇਰੇ।

ਸ਼ੁਭ ਕਰਮਨ ਦੀ ਬਾਤ ਕਰਦਿਆਂ, ਘਸ ਚੱਲੀ ਹੈ ਜੀਭ ਨਿਮਾਣੀ,
ਅਮਲਾਂ ਦੇ ਬਿਨ ਵਧ ਚੱਲੇ ਨੇ, ਜ਼ਿੰਦਗੀ ਦੇ ਵਿੱਚ ਗੂੜ੍ਹ ਹਨੇਰੇ।

ਗਲਵੱਕੜੀ ਵਿੱਚ ਸੂਰਜ ਭਰ ਕੇ ਠਰਦੀ ਧਰਤੀ ਆ ਗਰਮਾਈਏ,
ਇਹ ਕਿਉਂ ਕਹਿੰਦੈ, ਮੁਸ਼ਕਿਲ ਵੀਰੇ, ਨਾ ਵੱਸ ਤੇਰੇ ਨਾ ਵੱਸ ਮੇਰੇ।

ਸਾਵਧਾਨ ਹੋ ਜਾ ਮਨ ਮੇਰੇ, ਧਰਮਸਾਲ ਵਿੱਚ ਧਾੜੇ ਪੈ ਗਏ,
ਧਰਮ ਕਰਮ ਦਾ ਬੇੜਾ ਬਹਿ ਗਿਆ, ਕੰਮਚੋਰਾਂ ਨੇ ਲਾਏ ਡੇਰੇ।

ਮਨ ਦਾ ਸਰਵਰ ਭਰ ਚੱਲਿਆ ਹੈ, ਤਰਨਾ ਹੋਇਆ ਬੜਾ ਦੁਹੇਲਾ,
ਨੈਣ ਬਣੇ ਦਰਦਾਂ ਦੇ ਬੱਦਲ, ਕਿਣ ਮਿਣ ਕਣੀਆਂ ਅੱਥਰੂ ਕੇਰੇ।

ਕੱਚੀ ਮਿੱਟੀ ਗੋ ਕੇ ਮੇਰੇ, ਬਾਬਲ ਇਹ ਦੀਵਾਰ ਬਣਾਈ,
ਸਬਰ ਸਿਦਕ ਸੰਤੋਖ ਸਮਰਪਣ ਮੇਰੇ ਮਨ ਦੇ ਚਾਰ ਚੁਫ਼ੇਰੇ।

ਕੂੜ ਕੁਫ਼ਰ ਦੀ ਬੁੱਕਲ ਦੇ ਵਿੱਚ, ਬੈਠ ਗਏ ਜੇ ਧਰਮੀ ਪੁੱਤਰ,
ਰਾਜ ਭਾਗ 'ਨ੍ਹੇਰੇ ਦਾ ਤਾਂ ਹੀ, ਰਾਤ ਪਿਆਂ ਧਰਤੀ ਨੂੰ ਘੇਰੇ।

117