ਪੰਨਾ:ਰਾਵੀ - ਗੁਰਭਜਨ ਗਿੱਲ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰਭਜਨ ਦੀਆਂ ਗ਼ਜ਼ਲਾਂ ਵਿਚੋਂ ਵੀ ਇਹੋ ਭਾਵਨਾ ਅਤੇ ਕਾਵਿ-ਸਿਰਜਣਾ ਬਾਰੇ ਉਸਦਾ ਸਵੈ-ਕਥਨ ਵੱਖ-ਵੱਖ ਗ਼ਜ਼ਲਾਂ ਵਿਚੋਂ ਬੜੇ ਸਹਿਜ ਰੂਪ ਵਿਚ ਪ੍ਰਗਟ ਹੁੰਦਾ ਹੈ। ਪਰੰਤੂ ਅਜੋਕੇ ਮਾਹੌਲ ਵਿਚ ਖ਼ਾਸ ਕਰਕੇ ਹਾਕਮ ਜਮਾਤਾਂ ਦੇ ਫ਼ਾਸੀਵਾਦੀ ਰੁਝਾਨ ਦੇ ਹਨ੍ਹੇਰੇ ਵਿਚ ਲੇਖਣੀ ਕੋਈ ਰੁਮਾਂਸਕਾਰੀ ਕਾਰਜ ਨਹੀਂ ਰਹਿ ਗਿਆ। ਗੁਰਭਜਨ ਨੇ ਲੇਖਕ ਦੀ ਮੌਜੂਦਾ ਦੌਰ ਵਿਚ ਹਨ੍ਹੇਰੇ ਨਾਲ ਲੜਨ ਦੀ ਸ਼ਕਤੀ ਨੂੰ ਦ੍ਰਿੜ ਕਰਵਾਉਂਦਿਆਂ ਦਰਪੇਸ਼ ਖ਼ਤਰਿਆਂ ਅਤੇ ਸੱਤਾ ਦੇ ਆਕ੍ਰੋਸ਼ ਦੀ ਵੀ ਨਿਸ਼ਾਨਦੇਹੀ ਕੀਤੀ ਹੈ:

ਖ਼ੂਨ ਜਿਗਰ ਦਾ ਪਾਉਣਾ ਪੈਂਦਾ, ਸ਼ਬਦ ਸਦਾ ਕੁਰਬਾਨੀ ਮੰਗਦੇ।
ਜੇ ਬੋਲੋ ਤਾਂ ਜਾਨ ਨੂੰ ਖ਼ਤਰਾ ਨਾ ਬੋਲੋ ਤਾਂ ਸੂਲੀ ਟੰਗਦੇ।

ਖਿੱਲਰੇ ਪੁੱਲਰੇ ਸੁਪਨ ਹਜ਼ਾਰਾਂ, ਸ਼ਬਦਾਂ ਨੂੰ ਮੈਂ ਰਹਾਂ ਸੌਂਪਦਾ
ਦਿਨ ਤੇ ਰਾਤ ਰਹਾਂ ਮੈਂ ਚੁਗਦਾ ਰਹਿੰਦਾ, ਖਿੱਲਰੇ ਟੋਟੇ ਰੰਗਲੀ ਵੰਗ ਦੇ।

ਮਸ਼ਕ ਘਨੱਈਏ ਵਾਲੀ, ਮੇਰੇ ਸ਼ਬਦ ਉਸੇ ਪਲ ਬਣ ਜਾਂਦੇ ਨੇ,
ਵਤਨਾਂ ਦੀ ਰਖਵਾਲੀ ਕਹਿ ਕੇ, ਬਣਨ ਅਸਾਰ ਜਦੋਂ ਵੀ ਜੰਗ ਦੇ। (ਪੰਨਾ: 116)

ਇਸ ਇੱਕੋ ਨੁਕਤੇ ਤੋਂ ਆਰੰਭ ਹੋ ਕੇ ਅਸੀਂ ਗੁਰਭਜਨ ਗਿੱਲ ਦੇ ਕਾਵਿ-ਸੰਸਾਰ, ਕਾਵਿ-ਦ੍ਰਿਸ਼ਟੀ, ਕਾਵਿ-ਉਦੇਸ਼ ਅਤੇ ਕਾਵਿ-ਵਸਤ ਨੂੰ ਸਮਝ ਸਕਦੇ ਹਾਂ। ਪੰਜਾਬੀ ਸ਼ਾਇਰੀ ਦੀ ਅਮੀਰ ਪਰੰਪਰਾ ਵਿਚ ਬਾਬਾ ਫ਼ਰੀਦ ਨੇ ਮਨੁੱਖੀ ਦੁੱਖਾਂ ਨੂੰ ਅੰਗੀਕਾਰ ਕਰਦਿਆਂ "ਉਚੇ ਚੜਿ ਕੈ ਦੇਖਿਆ ਘਰਿ ਘਰਿ ਏਹਾ ਅਗਿ॥" ਅਤੇ ਗੁਰੂ ਨਾਨਕ ਦੇਵ ਜੀ ਦੇ ਕਥਨ 'ਦੁਖੀਆ ਸਭਿ ਸੰਸਾਰ" ਦੇ ਮਹਾਂਵਾਕ ਨਾਲ-ਪੰਜਾਬੀ ਸਾਹਿਤ ਦੀ ਲੋਕ-ਪੱਖੀ ਅਤੇ ਲੋਕਮੁਖੀ ਸ਼ਾਇਰੀ ਦਾ ਨੀਂਹ ਪੱਥਰ ਰੱਖਦੇ ਹਨ। ਗੁਰਭਜਨ ਦੀ ਗ਼ਜ਼ਲ ਆਪਣੇ ਨਿੱਜੀ ਪਿਆਰ ਦੀਆਂ ਪੀੜਾਂ, ਅਤ੍ਰਿਪਤੀ, ਖੁਸ਼ੀ, ਵੇਦਨਾ ਅਤੇ ਸੰਵੇਦਨਾ ਨੂੰ ਵੀ ਪ੍ਰਗਟਾਉਂਦੀ ਹੈ, ਪਰੰਤੁ ਪ੍ਰੋ. ਮੋਹਨ ਸਿੰਘ ਦੇ ਰਾਹ 'ਤੇ ਤੁਰਦਿਆਂ ਉਸ ਦੀ ਗ਼ਜ਼ਲ 'ਮਿੱਤਰਾਂ ਦੇ ਗ਼ਮ' ਤੋਂ ਤੁਰ ਕੇ ਲੋਕਾਂ ਦੇ ਗ਼ਮ' ਨੂੰ ਆਪਣੀ ਕਲਮ ਦਾ ਹਾਸਿਲ ਬਣਾਉਣ, ਇਸ ਦੇ ਹਰ ਸੰਕਟ ਨੂੰ ਸਮਝਣ, ਉਸ ਦੀ ਚੇਤਨਾ ਲੋਕਾਂ ਤੀਕ ਪਹੁੰਚਾਉਣ, ਇਸ ਦੇ ਸਹੀ ਸਮਾਜਿਕ ਅਤੇ ਰਾਜਨੀਤਕ ਹੱਲ ਦਾ ਫਲਸਫ਼ਾ ਪੇਸ਼ ਕਰਨ ਵਿਚ ਆਪਣਾ ਇਤਿਹਾਸਕ ਯੋਗਦਾਨ ਦੇਣ ਦਾ ਮਾਣ ਪ੍ਰਾਪਤ ਕਰਦੀ ਹੈ।

ਇਹ ਇਸੇ ਪ੍ਰਸੰਗ ਵਿਚ ਹੀ ਹੈ ਕਿ ਗੁਰਭਜਨ ਦੀ ਗ਼ਜ਼ਲ 1947 ਵਿਚ ਪ੍ਰਾਪਤ ਆਜ਼ਾਦੀ ਨੂੰ ਸਹੀ ਅਰਥਾਂ ਵਿਚ ਲੋਕਾਂ ਦੀ ਆਜ਼ਾਦੀ ਪ੍ਰਵਾਨ ਕਰਨ ਦੀ ਥਾਂ- ਇਸ ਨੂੰ ਹਾਕਮ ਜਮਾਤਾਂ ਲਈ ਲੁੱਟ ਅਤੇ ਵਿਕਾਸ ਦੀ ਆਜ਼ਾਦੀ ਵਜੋਂ ਪੇਸ਼ ਕਰਦੀ ਹੈ। ਇਸ ਦੇ ਨਾਲ ਹੀ ਦੇਸ਼ ਦੀ ਵੰਡ ਦਾ ਸੰਤਾਪ ਵੀ ਹਾਕਮ ਜਮਾਤਾਂ ਵੱਲੋਂ ਗ਼ਰੀਬ ਜਨਤਾ ਨੂੰ ਬਿਨਾਂ ਮੰਗੇ 'ਤੋਹਫ਼ੇ' ਵਜੋਂ ਪ੍ਰਵਾਨ ਕਰਦੀ ਹੈ। ਇਸ ਦੇ ਨਾਲ ਹੀ ਧਰਮ ਦੇ ਨਾਂ 'ਤੇ ਫ਼ੈਲਾਈ ਫ਼ਿਰਕਾਪ੍ਰਸਤੀ, ਭਰਾ-ਮਾਰ ਜੰਗ, ਸੰਸਾਰ ਅਮਨ ਦੀ ਥਾਂ ਸਾਮਰਾਜੀ ਤਾਕਤਾਂ ਵਲੋਂ ਭਾਰਤ/ਪਾਕਿਸਤਾਨ ਦੀ ਭਰਮਾਰ ਲੜਾਈ, ਸੱਤਾ ਉਪਰ ਕਾਬਜ਼ ਜਮਾਤ ਵਲੋਂ ਲੋਕਾਂ ਨੂੰ ਆਰਥਿਕ, ਸਮਾਜਕ, ਰਾਜਨੀਤਕ ਪੱਖ ਤੋਂ ਹਰ ਪ੍ਰਕਾਰ ਦੀ ਲੁੱਟ ਅਤੇ ਜਬਰ ਦਾ ਸ਼ਿਕਾਰ ਬਣਾਉਣਾ। ਗ਼ਰੀਬਾਂ ਨੂੰ ਵਿੱਦਿਆ/ਸਿਹਤ ਸਹੂਲਤਾਂ/ਆਰਥਿਕ ਬਰਾਬਰੀ, ਚੰਗੇ ਸਮਾਜਕ ਜੀਵਨ ਤੋਂ ਮਹਿਰੂਮ

119