ਪੰਨਾ:ਰਾਵੀ - ਗੁਰਭਜਨ ਗਿੱਲ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਨਾ ਇਸ ਜਾਅਲੀ ਆਜ਼ਾਦੀ ਦੇ ਦੰਭ ਹੇਠ ਲੁਕੀ ਆਮ ਮਨੁੱਖ ਅਤੇ ਜਨਤਾ ਦੀ ਲਾਚਾਰਗੀ ਅਤੇ ਨਿਤਾਣੇਪਣ ਨੂੰ ਆਪਣੀ ਸ਼ਾਇਰੀ ਵਿਚ ਜਿਸ ਸੰਵੇਦਨਾ, ਪ੍ਰਮਾਣਿਕਤਾ, ਬੇਬਾਕੀ ਅਤੇ ਲੋਕਾਂ ਲਈ ਸੁਹਿਰਦ ਭਾਵਨਾ ਨਾਲ ਪੇਸ਼ ਕੀਤਾ ਗਿਆ ਹੈ। ਇਹ ਸਾਰੇ ਤੱਥ ਮਿਲ ਕੇ ਗੁਰਭਜਨ ਗਿੱਲ ਨੂੰ ਪੰਜਾਬ ਦੇ ਹੀ ਨਹੀਂ ਸਗੋਂ ਭਾਰਤ ਤੋਂ ਵੀ ਵੱਧ ਕੁਝ ਦੁਨੀਆਂ ਦੇ ਮਜਬੂਰ ਅਤੇ ਲਿਤਾੜੇ ਲੋਕਾਂ ਅਤੇ ਖ਼ਾਸ ਕਰਕੇ ਕਿਰਤੀ ਜਮਾਤ ਦਾ ਸ਼ਾਇਰ ਬਣਾਉਂਦੀਆਂ ਹਨ। ਇਸ ਵਿਚ ਵਾਧਾ ਇਹ ਕਿ ਗੁਰਭਜਨ ਗਿੱਲ ਦਾ ਪ੍ਰਗਤੀਵਾਦ ਅਤੇ ਆਮ ਜਨਤਾ ਲਈ ਪ੍ਰਤੀਬੱਧਤਾ ਇੱਕ ਅਜਿਹੇ ਮੁਹਾਵਰੇ, ਸ਼ੈਲੀ ਅਤੇ ਪਰਿਪੇਖ ਵਿਚ ਪੇਸ਼ ਹੁੰਦੀ ਹੈ, ਜਿਸ ਨੂੰ ਅਸੀਂ "ਪੰਜਾਬੀਅਤ' ਅਤੇ 'ਵਿਰਾਸਤ" ਦੋ ਸੰਕਲਪਾਂ ਅਧੀਨ ਰੱਖ ਕੇ ਵਧੇਰੇ ਸਹੀ ਦ੍ਰਿਸ਼ਟੀਕੋਣ ਤੋਂ ਸਮਝ ਸਕਦੇ ਹਾਂ।

ਉਸ ਦੀ ਸ਼ਾਇਰੀ ਚੇਤਨਾ, ਚਿੰਤਨ, ਚਿਤਵਣ ਅਤੇ ਮੰਜ਼ਿਲ ਦੀ ਪ੍ਰਾਪਤੀ ਲਈ ਸਾਰਿਆਂ ਨੂੰ ਏਕੇ ਦੇ ਸੂਤਰ ਵਿਚ ਪਰੋ ਕੇ ਸਾਂਝੇ ਦੁਸ਼ਮਣ ਦੇ ਖ਼ਿਲਾਫ਼ ਅਮਲ ਦੀ ਪੱਧਰ 'ਤੇ ਨਿੱਤਰਨ ਅਤੇ ਸੰਘਰਸ਼ ਕਰਨ ਲਈ ਪੂਰੀ ਹੋਸ਼ ਅਤੇ ਜੋਸ਼ ਨਾਲ ਕਰਮਸ਼ੀਲ ਹੋਣ ਦੀ ਪ੍ਰੇਰਨਾ ਦਿੰਦੀ ਹੈ। ਉਸ ਦੀ ਸ਼ਾਇਰੀ ਭਾਰਤੀ ਪ੍ਰਸੰਗ ਵਿਚ ਸੱਤਾ ਅਤੇ ਧਰਮ ਦੋਹਾਂ ਦੇ ਗੱਠਜੋੜ ਨੂੰ ਵੰਗਾਰਦੀ ਅਤੇ ਲੋਕ-ਵਿਰੋਧੀ ਤਾਕਤ ਵਜੋਂ ਗਰਦਾਨਦੀ ਹੈ। ਉਸਦੀ ਰਚਨਾ ਭਾਰਤੀ ਜਨਤਾ ਦੀ ਪੱਛੜੀ ਚੇਤਨਾ ਨੂੰ ਇਸ ਦਲਦਲ ਵਿਚੋਂ ਨਿਕਲਣ ਦਾ ਸੰਦੇਸ਼ ਅਤੇ ਕੱਢਣ ਦੀ ਸਾਹਿਤਕ ਜ਼ਿੰਮੇਵਾਰੀ ਨੂੰ ਪੂਰੀ ਪ੍ਰਚੰਡਤਾ ਅਤੇ ਪ੍ਰਤਿਬੱਧਤਾ ਨਾਲ ਨਿਭਾਉਂਦੀ ਹੈ।

ਉਹ ਪ੍ਰਗਤੀਵਾਦੀ ਧਾਰਾ ਦੇ ਪ੍ਰਚਲਿਤ ਮੁਹਾਵਰੇ ਅਤੇ ਸ਼ਬਦਾਵਲੀ ਤੋਂ ਬਾਹਰ ਰਹਿ ਕੇ ਵੀ ਪ੍ਰਗਤੀਵਾਦੀ ਸ਼ਾਇਰ ਹੋਣ ਦਾ ਵਿਲੱਖਣ ਮਾਣ ਪ੍ਰਾਪਤ ਕਰਨ ਦੀ ਅਧਿਕਾਰੀ ਹੈ। ਇਹੋ ਉਸਦੇ ਪ੍ਰਗਤੀਵਾਦ ਦੀ ਵਿਰਾਸਤੀ ਵਿਲੱਖਣਤਾ ਹੈ।

ਇਨ੍ਹਾਂ ਦੀਆਂ ਅਜੇ ਤੀਕ ਆਸਾਂ ਨਹੀਂਉਂ ਪੁੱਗੀਆਂ।
ਤਿੱਪ ਤਿੱਪ ਚੋਂਦੀਆਂ ਗ਼ਰੀਬਾਂ ਦੀਆਂ ਝੁੱਗੀਆਂ।

ਮੋਤੀਆਂ ਦੀ ਚੋਗ ਦਾ ਭੁਲੇਖਾ ਖਾਧਾ ਹੰਸ ਨੇ,
ਕੰਙਣੀ ਤੇ ਰੀਝ ਗਈਆਂ ਭੋਲੀਆਂ ਨੇ ਘੁੱਗੀਆਂ। (ਪੰਨਾ: 79)

ਦੇਸ਼ ਦੀ ਵੰਡ ਦਾ ਦਰਦ ਬਹੁਤ ਉੱਭਰਵੇਂ ਰੂਪ ਵਿਚ ਗੁਰਭਜਨ ਦੀ ਸ਼ਾਇਰੀ ਵਿਚ ਪਰੁੱਚਿਆ ਪ੍ਰਾਪਤ ਹੁੰਦਾ ਹੈ। ਭਾਵੇਂ ਸ਼ਾਇਰ ਦਾ ਜਨਮ ਦੇਸ਼ ਦੀ ਵੰਡ ਤੋਂ ਬਾਅਦ ਦੋ ਮਈ 1953 'ਚ ਹੋਇਆ ਹੈ, ਫਿਰ ਵੀ ਆਪਣੇ ਪਰਿਵਾਰ ਤੋਂ ਸਣੇ ਵੰਡ ਦੇ ਕਹਿਰ ਅਤੇ ਸੰਤਾਪ ਦੇ ਕਿੱਸੇ ਉਸ ਦੀ ਰਚਨਾ ਵਿਚ ਅਤੀਤ ਦੇ ਜ਼ਖ਼ਮ ਹਰੇ ਹੋ ਕੇ ਥਾਂ ਪੁਰ ਥਾਂ ਫੁੱਟਦੇ ਪ੍ਰਤੀਤ ਹੁੰਦੇ ਹਨ। ਵੰਡ ਬਾਰੇ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਅਹਿਮਦ ਰਾਹੀ, ਇੰਦਰਜੀਤ ਹਸਨਪੁਰੀ, ਉਸਤਾਦ ਦਾਮਨ ਅਤੇ ਪੰਜਾਬੀ ਦੇ ਹੋਰ ਪ੍ਰਬੁੱਧ ਸ਼ਾਇਰਾਂ ਨੇ, ਵੰਡ ਦੀ ਤ੍ਰਾਸਦੀ ਦੇ ਅਭੁੱਲ ਚਿੱਤਰ ਆਪਣੀ ਕਵਿਤਾ ਵਿਚ ਪੇਸ਼ ਕੀਤੇ ਹਨ। ਗੁਰਭਜਨ ਦੀ ਸ਼ਾਇਰੀ ਵਿਚ ਇਸ ਦੁਖਾਂਤ ਦਾ ਬਹੁਤ ਮਾਰਮਿਕ ਚਿਤਰਣ ਪੇਸ਼ ਕੀਤਾ ਗਿਆ ਪ੍ਰਾਪਤ ਹੁੰਦਾ ਹੈ।

ਰਾਵੀ ਵੰਡ ਦੇ ਇੱਕ ਸਦੀਵੀ ਪ੍ਰਤੀਕ ਵਜੋਂ ਉਸ ਦੀ ਗ਼ਜ਼ਲ ਦਾ ਇੱਕ ਪ੍ਰਮੁੱਖ

120