ਪੰਨਾ:ਰਾਵੀ - ਗੁਰਭਜਨ ਗਿੱਲ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਤੀਕ ਹੈ। ਕਵੀ ਨੇ ਵੰਡ ਦੇ ਇਤਿਹਾਸ ਬਾਰੇ ਅੰਕੜੇ ਨਹੀਂ ਪੇਸ਼ ਕਰਨੇ ਹੁੰਦੇ। ਉਸ ਦਾ ਫ਼ਰਜ਼ ਤਾਂ ਉਸ ਦੁਖਾਂਤਕ ਸਥਿਤੀ ਵਿਚੋਂ ਲੰਘਦਿਆਂ ਮਨੁੱਖਾਂ ਉਪਰ ਕੀ ਬੀਤੀ, ਇਸ ਦਰਦ ਨੂੰ ਜ਼ਬਾਨ ਦੇਣਾ ਹੁੰਦਾ ਹੈ। ਵੰਡ ਦਾ ਦੁਖ ਸਹਿਣ ਕਾਰਨ ਉਨ੍ਹਾਂ ਨੂੰ ਆਪਣੇ ਘਰ ਬਾਰ ਮਜਬੂਰਨ ਤਿਆਗਣੇ ਪਏ। ਉੱਜੜਨ ਵਾਲੇ ਲੋਕਾਂ ਨੂੰ ਆਜ਼ਾਦੀ ਦੀ ਖੁਸ਼ੀ ਕੀ ਹੁੰਦੀ? ਫਿਰ ਵੀ ਗੁਰਭਜਨ ਨੇ ਲਹੂ ਦੀ ਇਸ ਵੈਤਰਨੀ ਨਦੀ ਨੂੰ ਤਰਨ ਤੋਂ ਬਾਅਦ ਵੀ ਹਿੰਦੁਸਤਾਨ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਆਪਸੀ ਪਿਆਰ ਵਧਾਉਣ ਅਤੇ ਕੁੜੱਤਣ ਨੂੰ ਭੁੱਲ ਜਾਣ ਦਾ ਮਾਨਵਵਾਦੀ ਸੰਦੇਸ਼ ਦਿੱਤਾ ਹੈ। ਸਾਡੇ ਵਿਚਾਰ ਵਿਚ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਹਿਤਾਂ ਦੀ ਸਾਂਝ ਅਤੇ ਪੂਰਤ ਇਸੇ ਸਦਭਾਵਨਾ ਵਿਚ ਹੈ ਕਿ ਅਸੀਂ ਸਾਰੇ ਪਿਆਰ ਨਾਲ ਮਿਲ ਜੁਲ ਕੇ ਰਹੀਏ। ਹਾਕਮਾਂ ਨੂੰ ਸਾਨੂੰ ਲੜਾਉਣ ਅਤੇ ਫ਼ਿਰਕੂ ਪਾੜਿਆਂ ਰਾਹੀਂ ਵੰਡਣ ਵਿਚ ਹੀ ਫ਼ਾਇਦਾ ਹੈ। ਉਸਤਾਦ ਦਾਮਨ ਦੀ ਆਜ਼ਾਦੀ ਮਗਰੋਂ ਦੀ ਨਜ਼ਮ ਹੈ।

ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਹਾਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਯਾਰੋ,
ਹੋਏ ਤੁਸੀਂ ਵੀ ਹੋਏ ਅਸੀਂ ਵੀ ਹਾਂ।

ਗੁਰਭਜਨ ਗਿੱਲ ਦਾ ਕਾਵਿ ਨਿਰਾ ਭਾਵੁਕ ਸੰਦੇਸ਼ ਨਹੀਂ, ਸਗੋਂ ਇਹ ਉਸ ਦੀ ਕਾਵਿਦ੍ਰਿਸ਼ਟੀ ਦੀ ਇੱਕ ਚੇਤੰਨ ਪ੍ਰਾਪਤੀ ਅਤੇ ਕਿਰਤੀ ਅਤੇ ਲੁੱਟੇ ਜਾ ਰਹੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਸੁਚੇਤ ਭਲਾਈ ਅਤੇ ਬਿਹਤਰੀ ਦਾ ਇੱਕ ਮੁੱਲਵਾਨ ਅਤੇ ਮਾਨਵਵਾਦੀ ਯਤਨ ਹੈ। ਵੰਡ ਦੇ ਦਰਦਨਾਕ ਪਹਿਲੂ ਅਤੇ ਮਨੁੱਖ ਨੂੰ ਸਾਰੀ ਉਮਰ ਲਈ ਝੰਜੋੜਨ ਵਾਲਾ ਇੱਕ ਹਵਾਲਾ ਹੀ ਕਾਫ਼ੀ ਹੈ:

ਚੁੱਲ੍ਹੇ ਅੰਦਰ ਬਲਦੀ ਅੱਗ ਤੇ ਗੁੰਨ੍ਹਿਆ ਆਟਾ ਵਿਚ ਪਰਾਤੇ,
ਨਹੀਂ ਸੀ ਵਿਚ ਨਸੀਬਾਂ ਰੋਟੀ, ਛੱਡ ਆਏ ਤੰਦੂਰ ਤਪਾਇਆ।

ਮਾਂ ਧਰਤੀ ਦਾ ਚੀਰ ਕੇ ਸੀਨਾ, ਅੱਧੀ ਰਾਤੀਂ ਕਿਹਾ ਆਜ਼ਾਦੀ,
ਕਿਉਂ ਘਰ ਬਾਰ ਗੁਆਚਾ ਸਾਡਾ, ਸਾਨੂੰ ਹੁਣ ਤੱਕ ਸਮਝ ਨਾ ਆਇਆ।

ਦੋਹਾਂ ਮੁਲਕਾਂ ਦੀ ਸਾਂਝ ਦੀ ਤੰਦ ਨੂੰ ਮਨੋਂ ਮਹਿਸੂਸ ਕਰਦਿਆਂ ਦੋਵਾਂ ਦੀ ਸਲਾਮਤੀ ਅਤੇ ਆਪਸੀ ਪਿਆਰ ਦੀ ਬਲਵਾਨ ਰੀਝ ਉਸ ਦੇ ਗ਼ਜ਼ਲ-ਸੰਸਾਰ ਦੀ ਇੱਕ ਹੋਰ ਮਾਣਮੱਤੀ ਅਤੇ ਦੋਹਾਂ ਦੇਸ਼ਾਂ ਲਈ ਬਹੁਤ ਲੋੜੀਂਦੀ ਪ੍ਰਾਪਤੀ ਹੈ, ਪਰੰਤੂ ਆਪਣੀ ਜਨਮ ਭੂਮੀ ਦੇ ਹੇਰਵੇ ਮਨੁੱਖਾਂ ਦੇ ਮਰਨ ਨਾਲ ਵੀ ਨਹੀਂ ਮਰਦੇ। ਇੱਕ ਹੋਰ ਗ਼ਜ਼ਲ ਦੇ ਸ਼ਿਅਰ ਹਾਜ਼ਰ ਹਨ:

ਜਿਸ ਨੂੰ ਲੋਕੀ ਕਹਿਣ ਆਜ਼ਾਦੀ ਇਸ ਦਾ ਲੈ ਨਾ ਨਾਂ ਵੇ ਬੱਚਿਆ।
ਸੇਕ ਰਹੇ ਸੰਤਾਲੀ ਤੋਂ ਵੀ ਅਗਨ ਬਿਰਖ ਦੀ ਛਾਂ ਵੇ ਬੱਚਿਆ।

ਮਰਦੇ ਦਮ ਤੱਕ ਬਾਬਲ ਤੇਰਾ ਰਿਹਾ ਤੜਫ਼ਦਾ ਆਪਣੇ ਪਿੰਡ ਨੂੰ,
ਇਹ ਧਰਤੀ ਨਾ ਬਣੀ ਕਦੇ ਵੀ, ਉਸ ਦੀ ਖ਼ਾਤਰ ਮਾਂ ਵੇ ਬੱਚਿਆ।

121