ਪੰਨਾ:ਰਾਵੀ - ਗੁਰਭਜਨ ਗਿੱਲ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਵਨਾ ਦਾ ਪ੍ਰਕਾਸ਼ ਪਿਆਰ ਵਰਗੇ ਸੂਖ਼ਮ ਭਾਵ ਪ੍ਰਤੀ ਵੀ ਉਸ ਦੇ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਨੂੰ ਮੂਰਤੀਮਾਨ ਕਰਦਾ ਹੈ। ਉਸ ਦੀ ਮੁਹੱਬਤ ਉਰਦੂ ਗ਼ਜ਼ਲ ਦੇ ਹਉਕੇ/ਹਾਵੇ ਅਤੇ ਜਗਰਾਤੇ ਕੱਟਣ ਵਾਲੀ ਸ਼ਾਇਰੀ ਦੇ ਉਲਟ, ਮੁਹੱਬਤ ਨੂੰ ਮਨੁੱਖੀ ਜੀਵਨ ਲਈ ਇੱਕ ਅਨਮੋਲ ਸੰਜੀਵਨੀ ਬੂਟੀ ਵਜੋਂ ਗ੍ਰਹਿਣ ਅਤੇ ਪੇਸ਼ ਕਰਦੀ ਹੈ।

ਗੁਰਭਜਨ ਵਿਚੋਂ ਜੇ ਮੁਹੱਬਤ ਕੱਢ ਲਓ ਤਾਂ ਉਸ ਦੀ ਸ਼ਾਇਰੀ ਦੀ ਆਤਮਾ ਨਿਕਲ ਜਾਵੇਗੀ। ਉਸਦੀ ਮੁਹੱਬਤ ਛੋਟੇ ਅਰਥਾਂ ਵਿਚ ਸਿਰਫ਼ ਕਿਸੇ ਇੱਕ ਹੁਸੀਨ ਚਿਹਰੇ ਤੀਕ ਸੀਮਤ ਨਹੀਂ, ਬਿਹਤਰ ਜ਼ਿੰਦਗੀ ਕਵੀ ਚਿੰਤਨਸ਼ੀਲ ਅਤੇ ਯਤਨਸ਼ੀਲ ਹਰ ਇਨਸਾਨ ਉਸ ਦੀ ਮੁਹੱਬਤ ਦੇ ਘੇਰੇ ਵਿਚ ਸ਼ਾਮਿਲ ਹੈ। ਉਸ ਦੀ ਮੁਹੱਬਤ ਸਰਬੱਤ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੀ ਹੈ। ਇਸ ਲਿਹਾਜ਼ ਨਾਲ ਉਹ ਮਿਰਜ਼ਾ ਗਾਲਿਬ ਦੇ ਬੋਲਾਂ ਨਾਲ ਸੁਰ ਮਿਲਾਉਂਦਾ ਹੈ:

ਹਮ ਮੁਵੱਹਿਦ ਹੈਂ ਹਮਾਰਾ ਕੇਸ਼ ਹੈ ਤਰਕ-ਇ-ਰਸੂਮ
ਮਿੱਲਤੇਂ ਜਬ ਮਿਟ ਗਈਂ ਇਜ਼ਜ਼ਾਇ ਈਮਾਂ ਹੋ ਗਈਂ।

ਸਾਡਾ ਇਕਰਾਰਨਾਮਾ ਧਰਮ ਨਾਲ ਤਾਂ ਹੈ ਪਰ ਅਸੀਂ ਰਸਮਾਂ ਦੇ ਗੁਲਾਮ ਨਹੀਂ ਹਾਂ, ਜਦ ਹਰ ਤਰ੍ਹਾਂ ਦੀਆਂ ਹੱਦਾਂ ਹੀ ਮਿਟ ਗਈਆਂ ਤਾਂ ਸਰਬ ਸਾਂਝੀਵਾਲਤਾ ਹੀ ਸਾਰਾ ਈਮਾਨ ਹੈ। ਗੁਰਭਜਨ ਦੀ ਆਪਣੀ ਮੁਹੱਬਤ ਦਾ ਕਿਰਮਚੀ ਰੰਗ ਵੇਖੋ:

ਜਿਸਮ ਨਹੀਂ ਨਾ ਸੂਰਤ ਦੇਖੀ, ਰੂਪ ਨਹੀਂ ਨਾ ਰੰਗ ਸੀ ਉਸਦਾ,
ਯਾਦ ਕਰਾਂ ਜੇ ਹੁਣ ਵੀ ਉਹ ਪਲ, ਕਣ ਕਣ ਵਿਚ ਲਰਜ਼ੇ-ਖੁਸ਼ਬੋਈ।

ਧਰਮ ਜਾਤ ਨਾ ਇਸ ਦਾ ਹੋਵੇ, ਰਿਸ਼ਤਾ ਤਾਂ ਅਹਿਸਾਸ ਦਾ ਨਾਂ ਹੈ,
ਇਹ ਤਾਂ ਧੜਕੇ ਰੋਮ ਰੋਮ ਵਿਚ, ਸਾਹੀਂ ਜੀਕੂੰ ਨਬਜ਼ ਪਰੋਈ।

ਮੈਂ ਚਾਨਣ ਦਾ ਨੂਰ ਇਲਾਹੀ, ਤੇਰੇ ਨੈਣਾਂ ਦੇ ਵਿਚ ਤੱਕਿਆ,
ਪਲਕਾਂ ਅੰਦਰ ਕਿੱਦਾਂ ਰੱਖਦੀ, ਤੂੰ ਇਹ ਤਾਰੇ ਚੰਨ ਲਕੋਈ।

ਸੂਰਜ ਤੀਕਰ ਪੀਂਘ ਚੜ੍ਹਾ ਕੇ, ਆ ਅੰਬਰ ਵਿਚ ਤਾਰੀ ਲਾਈਏ,
ਕੁੱਲ ਸ੍ਰਿਸ਼ਟੀ ਨੂੰ ਇਹ ਦੱਸੀਏ, ਤੂੰ ਮੇਰਾ ਮੈਂ ਤੇਰੀ ਹੋਈ।

ਜ਼ਿੰਦਗੀ ਅਤੇ ਸਮਾਜ ਦੇ ਹਰ ਹਨ੍ਹੇਰੇ ਕੋਨੇ ਨੂੰ ਵੇਖਣ ਅਤੇ ਪਾਠਕਾਂ ਨੂੰ ਵਿਖਾਉਣ ਤੋਂ ਬਾਅਦ ਆਸ ਦੀ ਸੁਨਹਿਰੀ ਕਿਰਨ ਵਿਚ ਵਿਸ਼ਵਾਸ ਅਤੇ ਨਿਰਾਸ਼ਾ ਵਿਚੋਂ ਵੀ ਆਸ਼ਾ ਪੈਦਾ ਕਰਨ ਦਾ ਕਰਤਾਰੀ ਗੁਣ ਗੁਰਭਜਨ ਗਿੱਲ ਦੀ ਗ਼ਜ਼ਲ ਵਿਚ ਇਵੇਂ ਸਮੋਇਆ ਬੈਠਾ ਹੈ, ਜਿਵੇਂ ਕਾਲੇ ਬੱਦਲਾਂ ਵਿਚ ਅਸਮਾਨੀ ਬਿਜਲੀ ਸੁੱਤੀ ਪਈ ਹੁੰਦੀ ਹੈ। ਇਹ ਬਿਜਲੀ ਉਸ ਦੀ ਸ਼ਾਇਰੀ ਦੇ ਲੋਕਮੁਖੀ ਅਤੇ ਲੋਕਪੱਖੀ ਹੋਣ ਦਾ ਇੱਕ ਅਟੁੱਟ ਪ੍ਰਮਾਣ ਹੈ। ਉਸਦਾ ਹਰ ਅੱਖਰ ਆਪਣੇ ਪੂਰੇ ਜਲੌ ਨਾਲ, ਸੰਗੀਤਕਤਾ, ਰਵਾਨੀ ਅਤੇ ਨਾਜ਼ੁਕਤਾ ਨਾਲ ਇਸ 'ਆਸ਼ਾਵਾਦ' ਦੇ ਸੰਦੇਸ਼ ਨੂੰ ਪਾਠਕ ਦੀ ਸੁੱਤੀ ਚੇਤਨਾ ਵਿਚ 'ਦੀਵਾ ਜਗਾਉਣ' ਵਾਂਗ ਚਾਨਣ ਅਤੇ ਹਿੰਮਤ ਨਾਲ ਭਰਪੂਰ ਕਰ ਦਿੰਦਾ ਹੈ। ਜਿਵੇਂ ਉਸਤਾਦ ਦਾਮਨ ਨੇ ਲਿਖਿਆ ਹੈ:

127