ਪੰਨਾ:ਰਾਵੀ - ਗੁਰਭਜਨ ਗਿੱਲ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਕ ਦੰਭੀ, ਦੋਗਲਾ, ਖੋਖਲਾ ਅਤੇ ਵਿਅਕਤੀਵਾਦੀ ਜੀਵਨ ਜਿਉਂਦੇ ਹਨ। ਕਾਰਲਾਈਲ ਦੇ ਸ਼ਬਦਾਂ ਵਿਚ ਮਨੁੱਖੀ ਰਿਸ਼ਤੇ 'ਨਕਦ ਨਾਰਾਇਣ' ਦੇ ਰਿਸ਼ਤੇ ਬਣ ਜਾਂਦੇ ਹਨ। ਮਨੁੱਖ ਤੋਂ ਮਨੁੱਖ ਵਿਚਕਾਰ ਮੋਹ ਪਿਆਰ ਦੇ ਸੰਬੰਧ ਖ਼ਤਮ ਹੋ ਕੇ ਮਨੁੱਖ ਮਾਇਆ ਦੇ ਅਧੀਨ ਹੋ ਕੇ ਇੱਕ ਵਸਤ ਬਣ ਜਾਂਦਾ ਹੈ। ਸਾਰਾ ਕੁਝ ਬਾਜ਼ਾਰ ਦੇ ਲੇਖੇ ਲੱਗ ਉਸ ਦੇ ਅਧੀਨ ਹੋ ਜਾਂਦਾ ਹੈ। ਮਨੁੱਖ ਆਪਾ ਧਾਪੀ ਦੀ ਚੂਹੇ ਦੌੜ ਵਿਚ ਆਪਣੀ ਮਨੁੱਖੀ ਹੋਂਦ, ਮਨੁੱਖੀ ਕੀਮਤਾਂ, ਮਨੁੱਖੀ ਸਾਂਝ ਅਤੇ ਮਨੁੱਖ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਤਿਆਗ ਕੇ ਰੇਸ਼ਮ ਦੇ ਕੀੜੇ ਵਾਂਗ ਆਪਣੀ ਇਕੱਲਤਾ ਅਤੇ ਖ਼ੁਦਗ਼ਰਜ਼ੀ ਦੇ ਖੌਲ ਵਿਚ ਬੰਦ ਹੋ ਜਾਂਦਾ ਹੈ। ਕਾਰਲ ਮਾਰਕਸ ਨੇ ਇਸ ਤਰਾਂ ਦੇ ਵਸਤੂ ਪੂਜ ਜਾਂ ਮਾਇਆਧਾਰੀ ਮਨੁੱਖ ਬਾਰੇ ਠੀਕ ਹੀ ਕਿਹਾ ਸੀ ਕਿ "The more you have and the less you are" ਜਿੰਨੀ ਤੁਹਾਡੇ ਕੋਲ ਦੌਲਤ ਵੱਧ ਹੋਵੇਗੀ, ਤੁਸੀਂ ਮਨੁੱਖ ਦੇ ਤੌਰ 'ਤੇ ਓਨੇ ਹੀ ਨੀਚ ਅਤੇ ਬੌਨੇ ਹੋਵੋਗੇ। ਪੂੰਜੀਵਾਦ ਦੇ ਇਨ੍ਹਾਂ ਸਾਰੇ ਅਣਮਨੁੱਖੀ ਪਹਿਲੂਆਂ ਦੀ ਅਮਰਵੇਲ ਹੇਠ ਦੱਬੇ ਮਨੁੱਖ ਦੇ ਹਰ ਪਹਿਲੂ ਨੂੰ ਗੁਰਭਜਨ ਦੀ ਸ਼ਾਇਰੀ ਸਾਡੇ ਸਾਹਮਣੇ ਨੰਗਿਆਂ ਕਰਦੀ ਹੈ।

ਮੁੱਠੀ ਦੇ ਵਿਚ ਦੁਨੀਆਂ ਕਰਦੇ, ਕਿੱਥੋਂ ਕਿੱਥੇ ਪਹੁੰਚ ਗਏ ਹਾਂ,
ਆਪਣੇ ਘਰ ਪਰਦੇਸੀ, ਵਧਿਆ ਬੰਦੇ ਤੋਂ ਬੰਦੇ ਦਾ ਪਾੜਾ।

ਅੰਧਲੀ ਅੰਧਲੇ ਮਾਪਿਆਂ ਵਾਂਗੂੰ, ਬੇਵੱਸ ਜਨਤਾ ਰਾਹੀਂ ਬੈਠੀ,
ਪਾਲ ਪੋਸ ਕੇ ਗੱਭਰੂ ਕੀਤਾ, ਸਰਵਣ ਪੁੱਤ ਵੀ ਮੰਗਦਾ ਭਾੜਾ।

ਅੰਧੀ ਰੱਯਤ ਗਿਆਨ ਵਿਹੂਣੀ, ਲਾਮਡੋਰ ਬੰਨ੍ਹ ਤੁਰਦੀ ਜਾਵੇ,
ਆਜੜੀਆਂ ਦੇ ਕਬਜ਼ੇ ਅੰਦਰ ਹਾਲੇ ਵੀ ਭੇਡਾਂ ਦਾ ਵਾੜਾ।

ਸੰਸਾਰ ਅਮਨ ਦੀ ਸਲਾਮਤੀ, ਵਾਤਾਵਰਣ ਦੀ ਚੇਤਨਾ, ਪੰਜਾਬ ਵਿਚ ਨਸ਼ਿਆਂ ਦਾ ਰੁਝਾਨ, ਭਰੂਣ ਹੱਤਿਆ, ਔਰਤ ਦੀ ਬੰਦ-ਖ਼ਲਾਸੀ, ਵਿਰਾਸਤ ਦਾ ਪਿਆਰ ਅਤੇ ਵਿਰਾਸਤ ਦੇ ਮੁਰਦਾ ਤੱਤਾਂ ਦਾ ਨਿਕਾਰਨ, ਔਰਤ ਦੀ ਸਭਿਆਚਾਰਕ ਮੁੱਲਾਂ ਰਾਹੀਂ ਮਾਨਸਿਕ ਗੁਲਾਮੀ ਅਤੇ ਨਰ ਅਤੇ ਨਾਰੀ ਦੋਹਾਂ ਦੇ ਸੰਯੋਗ ਅਤੇ ਸਰਗਰਮ ਸੰਘਰਸ਼ ਨਾਲ ਸਮਾਜਕ ਇਨਕਲਾਬ ਦੇ ਨੇਪਰੇ ਚੜ੍ਹਨ ਦਾ ਸੁਪਨਾ, ਗ਼ਰੀਬਾਂ ਦਾ ਵਿਦਿਆ ਅਤੇ ਗਿਆਨ ਤੋਂ ਮਹਿਰੂਮ ਹੋਣਾ, ਸਮਾਜਿਕ ਤਬਦੀਲੀ ਲਈ ਸਮਾਜਿਕ ਚੇਤਨਾ ਅਤੇ ਮਨੁੱਖਾਂ ਨੂੰ ਸਹੀ ਸਮਾਜਿਕ ਸੋਝੀ ਪਰਦਾਨ ਕਰਨਾ ਅਤੇ ਹਰ ਪ੍ਰਕਾਰ ਦੇ ਦੰਭ, ਦਿਖਾਵੇ, ਅੰਧ-ਵਿਸ਼ਵਾਸਾਂ, ਰਹੁ-ਰੀਤਾਂ ਅਤੇ ਪੁਰਤਾਨ-ਪੰਥੀ ਕੀਮਤਾਂ ਦਾ ਤਿਆਗ ਅਤੇ ਸਾਰਿਆਂ ਦੀ ਏਕਤਾ ਨਾਲ ਬਿਹਤਰ ਸਮਾਜ-ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਲੋਚਾ ਗੁਰਭਜਨ ਦੀ ਸ਼ਾਇਰੀ ਵਿਚੋਂ ਝਲਕਦੀ ਹੈ। ਉਹ ਕਿਰਤ ਅਤੇ ਕਿਰਤੀ ਦੋਹਾਂ ਦਾ ਮਹਿਮਾਕਾਰ ਹੈ। ਕਿਰਤ ਵਾਲੇ ਹੱਥ ਉਸ ਦੀ ਸ਼ਾਇਰੀ ਵਿਚ ਪੁਜਣਯੋਗ ਸਥਾਨ ਗ੍ਰਹਿਣ ਕਰ ਰਹੇ ਹਨ।

'ਮੁਹੱਬਤ' ਗੁਰਭਜਨ ਦੀ ਸ਼ਾਇਰੀ ਦੀ ਇੱਕ ਤਾਕਤਵਰ ਸੁਰ ਹੈ। ਸ਼ਾਇਦ ਉਸਦੀ ਸ਼ਾਇਰੀ ਦਾ ਸੰਗੀਤ ਇਸੇ ਮੂਲ ਸੁਰ ਦਾ ਵਿਸਤਾਰ ਹੈ। ਉਸ ਦੀ ਸ਼ਾਇਰੀ ਵਿਚ 'ਮੁਹਬੱਤ' ਦੀ ਭਾਵਨਾ ਨਾਲ ਮਨੁੱਖੀ ਵਿਸਤਾਰ ਹੈ। ਉਸ ਦੀ ਸ਼ਾਇਰੀ ਵਿਚ 'ਮੁਹੱਬਤ' ਦੀ ਭਾਵਨਾ ਨਾਲ ਮਨੁੱਖੀ ਜੀਵਨ ਵਿਚ ਖੇੜੇ, ਖ਼ੁਸ਼ੀ ਅਤੇ ਇੱਕ ਨਵੇਂ ਸੰਸਾਰ ਵਿਚ ਜਿਉਣ ਦੀ

126