ਪੰਨਾ:ਰਾਵੀ - ਗੁਰਭਜਨ ਗਿੱਲ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣੇ ਹੁਣੇ ਤੂੰ ਯਾਦ ਸੀ ਕੀਤਾ, ਪਹੁੰਚ ਗਿਆ ਹਾਂ।
ਵੇਖ ਜ਼ਰਾ ਮੈਂ ਤੇਰੇ ਦਿਲ ਵਿੱਚ, ਧੜਕ ਰਿਹਾ ਹਾਂ।

ਬਣ ਗਈ ਮੇਰੀ ਕਵਿਤਾ, ਹੁਣ ਤੂੰ ਰੂਪ ਬਦਲ ਕੇ,
ਚਿਤਵਦਿਆਂ ਮੈਂ ਧੁਰ ਅੰਦਰ ਤੱਕ, ਮਹਿਕ ਗਿਆ ਹਾਂ।

ਇੱਕ ਸ਼ਬਦ ਹੀ ਯਾਦ ਮੇਰੀ ਵਿੱਚ, ਰਿਹਾ ਸਲਾਮਤ,
ਵੇਖ ਅਜੇ ਵੀ ਪਾਰਾ ਬਣ ਕੇ, ਲਰਜ਼ ਰਿਹਾ ਹਾਂ।

ਮੇਰਾ ਨਾਮ ਜਿਵੇਂ ਤੂੰ, ਹੱਕ ਦੇ ਨਾਲ ਪੁਕਾਰਿਆ,
ਸੁਣ ਕੇ ਤੈਥੋਂ ਅੰਦਰੋਂ ਬਾਹਰੋਂ, ਮਹਿਕ ਗਿਆ ਹਾਂ।

ਕੋਰੇ ਵਰਕੇ ਤਿਲਕ ਰਹੇ ਨੇ, ਪੜ੍ਹਦੇ ਪੜ੍ਹਦੇ,
ਸ਼ਬਦਾਂ ਤੋਂ ਬਿਨ ਅਰਥਾਂ ਵਿੱਚ, ਗੁਆਚ ਗਿਆ ਹਾਂ।

ਸ਼ਬਦ ਜਾਲ ਤੋਂ ਵੱਖਰੀ, ਹੁੰਦੀ ਚੁੱਪ ਦੀ ਭਾਸ਼ਾ,
ਏਸ ਇਬਾਰਤ ਨੂੰ ਵੀ, ਹੁਣ ਮੈਂ, ਸਮਝ ਗਿਆ ਹਾਂ।

ਪੱਥਰ ਦੇ ਭਗਵਾਨ ਅਗਾੜੀ ਨਤਮਸਤਕ ਹਾਂ,
ਸਰਕਦਿਆਂ ਮੈਂ ਕਿੰਨਾ ਥੱਲੇ ਗਰਕ ਗਿਆ ਹਾਂ।

27