ਪੰਨਾ:ਰਾਵੀ - ਗੁਰਭਜਨ ਗਿੱਲ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਚੀ ਤੇ ਮਨਜਿੰਦਰ ਨਾਂ ਦੇ, ਸ਼ਹਿਰ ਮੇਰੇ ਵੱਲ ਆਉਂਦੇ ਰਾਹ ਨੇ।
ਤੁਰਦੇ ਫਿਰਦੇ ਮਿਲਦੇ ਗਿਲਦੇ ਦੋਵੇਂ ਅਦਬ ਦੀ ਇੱਕ ਦਰਗਾਹ ਨੇ।

ਇੱਕ ਦੀ ਮਿੱਟੀ ਮੁਕਤਸਰਾਂ ਦੀ ਦੂਜਾ ਪਿੰਡ ਧਨੋਏ ਜਣਿਆ,
ਸ਼ਬਦ ਸਿਰਜਣਾ ਕਰਦੇ ਕਰਦੇ ਅੱਜ ਤਾਂ ਇਹ ਦੋਵੇਂ ਹਮਰਾਹ ਨੇ।

ਮਿਸ਼ਰੀ ਵਿਚ ਇਲਾਇਚੀ ਕੁੱਟ ਕੇ ਜੀਕੂੰ ਮਿੱਠਖੁਸ਼ਬੋਈ ਬੋਲੇ,
ਪੌਣ ਕੰਧੇੜੇ ਰਹਿੰਦੇ ਚੜ੍ਹਕੇ, ਧੜਕਣ ਇੱਕੋ ਪਰ ਦੋ ਸਾਹ ਨੇ।

ਮਾਣ ਮਰਤਬੇ ਕੁਰਸੀਆਂ ਨੇ ਰਫ਼ਤਾਰ ਕਦੇ ਨਾ ਮੱਠੀ ਕੀਤੀ,
ਮਨ ਮੌਜੀ ਇਹ ਸਿਰਜਣਹਾਰੇ ਲਾ ਪਰਵਾਹ ਨਹੀਂ, ਬੇ ਪਰਵਾਹ ਨੇ।

ਪਾਤਰ, ਗੁਰਇਕਬਾਲ, ਰਵਿੰਦਰ ਤੇ ਸੁਖਵਿੰਦਰ ਦੇਣ ਗਵਾਹੀ,
ਮਰੂੰ ਮਰੂੰ ਨਹੀਂ ਕਰਦੇ ਵੇਖੇ, ਦਿਲ ਦੀ ਦੌਲਤ ਕਰਕੇ ਸ਼ਾਹ ਨੇ।

ਸੁਰਮ ਸਲਾਈ, ਦਿਲ ਦਰਵਾਜ਼ੇ, ਗ਼ਜ਼ਲ ਪੁਸਤਕਾਂ ਪੜ੍ਹ ਕੇ ਵੇਖੋ,
ਸੱਤ ਸਮੁੰਦਰ ਪਾਰ ਵੀ ਮਹਿਮਾ ਦੋਹਾਂ ਦੇ ਹੀ ਸ਼ਬਦ ਮਲਾਹ ਨੇ।

ਇਹ ਦੋ ਹਰਫ਼ ਰਸੀਦੀ ਤਾਂਹੀਂਓਂ, ਰਾਹਦਾਰੀ ਲਈ ਲਿਖ ਦਿੱਤੇ ਨੇ,
ਹਰ ਥਾਂ ਤਾਂ ਮੈਂ ਨਾਲ ਨਹੀਂ ਜਾਣਾ, ਅੱਜ ਤੋਂ ਮੇਰੇ ਸ਼ਬਦ ਗਵਾਹ ਨੇ।

26