ਪੰਨਾ:ਰਾਵੀ - ਗੁਰਭਜਨ ਗਿੱਲ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਹੜੇ ਦੇ ਵਿੱਚ ਬੀਜੀਆਂ ਰੀਝਾਂ, ਬਿਰਖ਼ ਮੁਹੱਬਤਾਂ ਵਾਲੇ।
ਪਰ ਇਨ੍ਹਾਂ ਨੂੰ ਫੁੱਲ ਕਿਉਂ ਪੈਂਦੇ, ਹਰ ਮੌਸਮ ਵਿੱਚ ਕਾਲੇ।

ਹੰਸਣੀਆਂ ਤਿਰਹਾਈਆਂ ਰੀਝਾਂ, ਕੂੰਜੜੀਆਂ ਦੀਆਂ ਡਾਰਾਂ,
ਬੇਕਦਰਾ ਤੂੰ ਵੇਖ ਨਜ਼ਰ ਭਰ, ਲਾਹ ਅੱਖੀਆਂ ਦੇ ਜਾਲੇ।

ਚੰਦਨ ਰੁੱਖ ਨੂੰ ਨਾਗ ਵਲੇਵਾਂ, ਬੇਵੱਸ ਨੇ ਖ਼ੁਸ਼ਬੋਈਆਂ,
ਜੇ ਤੂੰ ਜਾਨ ਸਲਾਮਤ ਚਾਹੇਂ, ਨੇੜ ਨਾ ਆਵੀਂ ਹਾਲੇ।

ਆਲ੍ਹਣਿਆਂ ਵਿੱਚ ਰਾਤ ਗੁਜ਼ਾਰਨ, ਪੰਛੀ ਤੇ ਪਰਦੇਸੀ,
ਏਸ ਨਗਰ ਤਾਂ ਕੋਇਲ ਪਪੀਹੇ, ਹੋਠਾਂ ਰੱਖਦੇ ਤਾਲੇ।

ਬੂਹੇ ਅੱਗੇ ਥੋਹਰ ਦਾ ਬੂਟਾ, ਕਿਉਂ ਲਾਇਆ ਨੀ ਜਿੰਦੇ,
ਇਹ ਕੰਡਿਆਰੀ ਮਾਰੂਥਲ ਦੀ, ਰੱਖ ਨਾ ਆਲ ਦੁਆਲੇ।

ਚਾਰ ਦੀਵਾਰਾਂ ਉੱਪਰ ਛੱਤਾਂ, ਬਾਰੀਆਂ ਤੇ ਕੁਝ ਬੂਹੇ,
ਏਸ ਮਕਾਨ 'ਚ ਡੁਸਕ ਰਹੇ, ਘਰ, ਖ਼ੁਸ਼ਬੂ ਕੌਣ ਸੰਭਾਲੇ।

ਦਿਲ ਦਰਿਆ ਦਾ ਤਾਰੂ ਬਣ ਕੇ, ਮਾਰ ਕਦੇ ਤੂੰ ਝਾਤੀ,
ਵੇਖ ਲਿਆ ਕਰ ਰੂਹ ਦੇ ਨੇੜੇ, ਵਹਿੰਦੇ ਨਦੀਆਂ ਨਾਲੇ।

25