ਪੰਨਾ:ਰਾਵੀ - ਗੁਰਭਜਨ ਗਿੱਲ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਹਾਲੇ ਅਣਕਿਹਾ, ਲਿਖਿਆ ਨਹੀਂ ਪੜ੍ਹਿਆ ਨਹੀਂ।
ਕੰਢੇ ਕੰਢੇ ਫਿਰ ਰਿਹਾਂ, ਸਾਗਰ 'ਚ ਮੈਂ ਵੜਿਆ ਨਹੀਂ।

ਬੇ ਸ਼ਨਾਸੇ, ਹੀਰੇ ਨੂੰ ਪੱਥਰ ਜਿਹਾ ਹੀ ਸਮਝਦੇ,
ਜੌਹਰੀਆਂ ਦੀ ਨਜ਼ਰ ਉੱਤੇ, ਮੈਂ ਅਜੇ ਚੜ੍ਹਿਆ ਨਹੀਂ।

ਜੇ ਅਜੇ ਮੈਂ ਰੜਕਦਾ ਹਾਂ, ਦੋਸ਼ ਇਹ ਵੀ ਵਕਤ ਦਾ,
ਚਾੜ੍ਹ ਕੇ ਚੱਕ ਓਸ ਮੈਨੂੰ, ਠੀਕ ਜੇ ਘੜਿਆ ਨਹੀਂ।

ਤੂੰ ਰਹੀਂ ਵਿਸ਼ਵਾਸ ਪਾਤਰ, ਰੂਪ ਬਣਕੇ ਸਿਦਕ ਦਾ,
ਮੈਂ ਕਦੇ ਪਰਬਤ ਉਚੇਰੇ, ਸਾਥ ਬਿਨ ਚੜ੍ਹਿਆ ਨਹੀਂ।

ਤੂੰ ਗੁਆਇਆ ਚੈਨ ਮੇਰਾ, ਖੋਹ ਲਿਆ ਸਾਰਾ ਸਕੂਨ,
ਦੋਸ਼ ਬੇ ਬੁਨਿਆਦ ਐਵੇਂ, ਮੈਂ ਕਦੇ ਮੜ੍ਹਿਆ ਨਹੀਂ।

ਤੂੰ ਹਮੇਸ਼ਾਂ ਤਾਰਿਆ, ਨਾ ਮਾਰਿਆ, ਹੇ ਜ਼ਿੰਦਗੀ,
ਮੈਂ ਤੇਰੇ ਪੱਲੂ ਨੂੰ ਐਵੇਂ ਬੇ ਵਜ੍ਹਾ ਫੜਿਆ ਨਹੀਂ।

ਸ਼ਬਦ ਮੇਰੀ ਢਾਲ ਹੈ, ਕਿਰਪਾਨ ਵੀ ਤੇ ਧਰਮ ਵੀ,
ਮੈਂ ਨਿਗੁਣਾ ਜੰਗ, ਇਹਦੇ ਬਿਨ, ਕਦੇ ਲੜਿਆ ਨਹੀਂ।

24