ਪੰਨਾ:ਰਾਵੀ - ਗੁਰਭਜਨ ਗਿੱਲ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮਲੇ ਨੇ ਲੋਕ ਜਿਹੜੇ, ਕਹਿਣ ਮਰ ਜਾਣੀਆਂ।
ਸੁਹਜ ਤੇ ਸਲੀਕਾ ਦੇਣ, ਸਾਨੂੰ ਧੀਆਂ ਰਾਣੀਆਂ।

ਰੰਗ ਤੇ ਸੁਗੰਧ ਇੱਕੋ, ਫੁੱਲ ਵਿੱਚ ਕਾਇਮ ਹੈ,
ਫ਼ਲ ਪੈਣ ਸਾਰ ਇਹ ਤਾਂ, ਭਰ ਦੇਣ ਟਾਹਣੀਆਂ।

ਏਸ ਦਾ ਇਲਾਜ ਕਰੋ, ਅੱਖ ਵਿੱਚ ਟੀਰ ਹੈ,
ਇਹੀ ਪੁੱਤਾਂ ਧੀਆਂ 'ਚ, ਕਰਾਵੇ ਵੰਡਾਂ ਕਾਣੀਆਂ।

ਗੁੱਡੀਆਂ ਪਟੋਲਿਆਂ 'ਚ, ਜਾਨ ਪੈਂਦੀ ਵੇਖ ਲਓ,
ਚੰਨ ਉੱਤੇ ਪੈੜ ਪਾਈ, ਧੀਆਂ ਦੋ ਧਿਆਣੀਆਂ*।

ਬਾਬਲੇ ਦੀ ਪੱਗ ਅਤੇ, ਮਾਵਾਂ ਦਾ ਦੁਪੱਟੜਾ,
ਕਦੇ ਨਾ ਵਿਸਾਰਦੀਆਂ, ਚੇਤੇ 'ਚੋਂ ਸਵਾਣੀਆਂ।

ਹੁਣ ਪਰਭਾਤ ਵੇਲਾ, ਚਹਿਕਦਾ ਨਾ ਟਹਿਕਦਾ,
ਟੁੱਟ ਭੱਜ ਗਈਆਂ, ਜਦੋਂ ਚਾਟੀਆਂ ਮਧਾਣੀਆਂ।

ਕੱਲ੍ਹੀ ਕੱਲ੍ਹੀ ਬਾਤ ਮੇਰੇ, ਅੰਗ ਸੰਗ ਤੁਰੀ ਹੈ,
ਜਿਹੜੀਆਂ ਸੁਣਾਈਆਂ, ਵੱਡੀ ਭੈਣ ਨੇ ਕਹਾਣੀਆਂ।

*ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮਜ਼

23