ਪੰਨਾ:ਰਾਵੀ - ਗੁਰਭਜਨ ਗਿੱਲ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੋ ਦੇ ਰੂਹ ਤੋਂ ਨਕਸ਼ ਉਦਾਸੇ, ਹੱਸਿਆ ਕਰ ਮੁਸਕਾਇਆ ਕਰ ਤੂੰ।
ਜ਼ਿੰਦਗੀ ਤਾਂ ਇੱਕ ਅਮਰ ਗੀਤ ਹੈ, ਨਾ ਦਿਲ ਚਾਹੇ ਗਾਇਆ ਕਰ ਤੂੰ।

ਜਿਹੜੀ ਦਸਤਕ ਸਪਨੇ ਅੰਦਰ, ਵਾਰ ਵਾਰ ਖੜਕਾਵੇ ਬੂਹੇ,
ਖੋਲ੍ਹ ਦਿਆ ਕਰ ਮਨ ਦੇ ਜੰਦਰੇ, ਉਸ ਨੂੰ ਦਰਦ ਸੁਣਾਇਆ ਕਰ ਤੂੰ।

ਤੇਰੇ ਨਾਲੋਂ ਵਧ ਕੇ ਦੁਖੀਏ, ਹੋਰ ਬਥੇਰੇ ਉਹ ਵੀ ਲੋਕੀਂ,
ਜਿੰਨ੍ਹਾਂ ਕੋਲ ਸ਼ਬਦ ਵੀ ਹੈ ਨਹੀਂ, ਦਿਲ ਨੂੰ ਇਹ ਸਮਝਾਇਆ ਕਰ ਤੂੰ।

ਜਿੱਥੇ ਰੀਝਾਂ, ਸੁਪਨੇ ਸੂਹੇ, ਖ਼ੁਸ਼ਬੋਈਆਂ ਨੇ ਚੌਕ ਚੁਰਸਤੇ,
ਘੁੰਮਣਘੇਰਾ ਤੋੜਨ ਮਗਰੋਂ, ਓਸ ਨਗਰ ਵੀ ਜਾਇਆ ਕਰ ਤੂੰ।

ਤਰੇਲ ਦੇ ਮੋਤੀ ਫੁੱਲਾਂ ਉੱਤੇ, ਦਿਨ ਚੜ੍ਹਦੇ ਤਾਂ ਸਾਥ ਨਿਭਾਉਂਦੇ,
ਰੰਗ ਉਦਾਸ ਨਾ ਹੋਣ ਦਿਆ ਕਰ, ਖ਼ੁਸ਼ਬੋਈ ਬਣ ਜਾਇਆ ਕਰ ਤੂੰ।

ਦਰਦ ਪੋਟਲੀ ਦੇ ਜਾਂਦੇ ਨੇ, ਅਕਸਰ ਹੁਣ ਤਾਂ ਬਹੁਤੇ ਆਪਣੇ,
ਇਹ ਅਣਮਿਣਵੀਂ ਮਹਿੰਗੀ ਪੂੰਜੀ, ਹੱਸ ਕੇ ਝੋਲੀ ਪਾਇਆ ਕਰ ਤੂੰ।

ਵਿੰਗ ਡਿੰਗੇ ਰਾਹ ਤੇ ਪੈਂਡੇ, ਅਸਲ ਕਿਤਾਬ ਹਯਾਤੀ ਵਾਲੀ,
ਡੋਲਦਿਆਂ ਕਦਮਾਂ ਨੂੰ ਇਸ ਤੋਂ, ਪੜ੍ਹ ਕੇ ਸਬਕ ਪੜ੍ਹਾਇਆ ਕਰ ਤੂੰ।

22