ਪੰਨਾ:ਰਾਵੀ - ਗੁਰਭਜਨ ਗਿੱਲ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖ ਲਵੋ ਇਹ ਮੋਮ ਤੇ ਬੱਤੀ, ਜਦ ਕਿਧਰੇ ਵੀ ਰਲ਼ ਕੇ ਜਗਦੇ।
ਪਿਘਲੇ ਗੂੜ੍ਹ ਹਨੇਰਾ ਬਿਨਸੇ, ਚਾਨਣ ਦੇ ਦਰਿਆ ਨੇ ਵਗਦੇ।

ਸ਼ਬਦ ਗੁਆਚੇ ਅੱਖਰ ਅੱਖਰ, ਨੈਣੀਂ ਜੋਤ ਬਣਨ ਤੇ ਬੋਲਣ,
ਅਰਥਾਂ ਤੀਕ ਪੁਚਾਵੀਂ ਸਾਨੂੰ, ਰੱਖ ਸਦਾ ਜੀਵਨ ਵਿੱਚ ਦਗਦੇ।

ਜਿਨ੍ਹਾਂ ਕੋਲ ਤੁਰਨ ਦੀ ਇੱਛਿਆ, ਪਰਬਤ ਸਿਖ਼ਰ ਪਹੁੰਚਦੇ ਯਾਰੋ,
ਮੈਂ ਵੇਖੇ ਨੇ ਹਿੰਮਤੀਆਂ ਨੂੰ, ਹੌਸਲਿਆਂ ਦੇ ਘਰ ਵੀ ਲਗਦੇ।

ਬਹਿ ਜਾਵੋ ਤਾਂ ਇਹ ਤਨ ਗੋਹਾ, ਜੇ ਤੁਰ ਪਉ ਬਣ ਜਾਵੇ ਲੋਹਾ,
ਕਰਮ ਧਰਮ ਜੇ ਬਣ ਜਾਵੇ ਤਾਂ, ਮਨ ਤੰਦੂਰ ਨਿਰੰਤਰ ਮਘਦੇ।

ਬਹੁਤੀ ਵਾਰੀ ਗੱਲੀਂ ਬਾਤੀਂ, ਜੋ ਹੁੰਦੇ ਨੇ ਸ਼ਬਦ-ਸਿਕੰਦਰ,
ਇਮਤਿਹਾਨ ਵਿੱਚ ਪੈਣ ਸਾਰ ਹੀ, ਬਹਿ ਜਾਂਦੇ ਨੇ ਵਾਂਗੂੰ ਝਗ ਦੇ।

ਪੰਜ ਦਰਿਆ ਸੀ ਸਿਦਕ ਸਮਰਪਣ ਸੇਵਾ ਸਿਮਰਨ ਸੱਚ ਤੇ ਪਹਿਰਾ,
ਸਾਡੀ ਗਫ਼ਲਤ ਦੇ ਟਿੱਬਿਆਂ ਵਿੱਚ, ਜੀਰ ਗਏ ਕਿਉਂ ਪਾਣੀ ਵਗਦੇ।

ਤਾਰਨਹਾਰ ਵਿਚਾਰ ਦੀ ਸ਼ਕਤੀ, ਵਾਧੂ ਵਸਤੂ ਵਾਂਗ ਵਿਸਾਰੇਂ,
ਪੰਡਿਤ ਜੀ ਨੇ ਲਾ ਲਿਆ ਪਿੱਛੇ, ਤੈਨੂੰ ਕਿਉਂ ਮੁੰਦਰੀ ਦੇ ਨਗ ਦੇ।

21