ਪੰਨਾ:ਰਾਵੀ - ਗੁਰਭਜਨ ਗਿੱਲ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸ ਨੂੰ ਲੋਕੀਂ ਕਹਿਣ ਆਜ਼ਾਦੀ, ਇਸ ਦਾ ਲੈ ਨਾ ਨਾਂ ਵੇ ਬੱਚਿਆ।
ਸੇਕ ਰਹੇ ਸੰਤਾਲੀ ਤੋਂ ਹੀ, ਅਗਨ ਬਿਰਖ਼ ਦੀ ਛਾਂ ਦੇ ਬੱਚਿਆ।

ਮਰਦੇ ਦਮ ਤੱਕ ਬਾਬਲ ਤੇਰਾ, ਰਿਹਾ ਤੜਫ਼ਦਾ ਆਪਣੇ ਪਿੰਡ ਨੂੰ,
ਇਹ ਧਰਤੀ ਨਾ ਬਣੀ ਕਦੇ ਵੀ, ਉਸ ਦੀ ਖ਼ਾਤਰ ਮਾਂ ਦੇ ਬੱਚਿਆ।

ਕੇਰੇ ਬੀਜ ਸਿਆੜਾਂ ਅੰਦਰ, ਖੂਨ ਪਸੀਨਾ ਬੜਾ ਖ਼ਰਚਿਆ,
ਸਾਡੀ ਫ਼ਸਲ ਉਮੀਦਾਂ ਵਾਲੀ, ਚੂੰਡ ਗਏ ਸਭ ਕਾਂ ਦੇ ਬੱਚਿਆ।

ਭਰੇ ਭਕੁੰਨੇ ਘਰ ਨੂੰ ਛੱਡਿਆ, ਤਨ ਦੇ ਤਿੰਨੇ ਕੱਪੜੇ ਲੈ ਕੇ,
ਇਲਮ ਨਹੀਂ ਸੀ ਉੱਜੜਨ ਵੇਲੇ, ਮੁੜਨਾ ਨਹੀਂ ਇਸ ਥਾਂ ਦੇ ਬੱਚਿਆ।

ਦਸ ਲੱਖ ਤੋਂ ਵੱਧ ਚੰਨ ਸਿਤਾਰੇ, ਮਾਵਾਂ ਵਾਰੇ ਕਿਹੜੇ ਲੇਖੇ,
ਜਸ਼ਨ ਮਨਾਉਂਦਿਆਂ ਨੂੰ ਤੂੰ ਪੁੱਛੀ, ਜਦ ਹੋਵੇ ਚੁੱਪ ਚਾਂ ਦੇ ਬੱਚਿਆ।

ਇਹ ਰਾਜੇ ਇਹ ਰਾਜ ਘਰਾਣੇ, ਸਾਡੀ ਰੂਹ ਦੇ ਜ਼ਖ਼ਮ ਪੁਰਾਣੇ,
ਇੱਕੋ ਤਾਸ਼ ਬਵੰਜਾ ਪੱਤੇ, ਚਾਰਨ ਭੋਲੀ ਗਾਂ ਦੇ ਬੱਚਿਆ।

ਓਹੀ ਸਫ਼ਰ ਬਿਖੜਿਆ ਪੈਂਡਾ, ਰਾਤ ਦਿਵਸ ਦੇ ਸੰਸੇ ਝੋਰੇ,
ਸਿਰਫ਼ ਟਿਕਾਣਾ ਬਦਲ ਗਿਆ ਹੈ, ਇਹ ਕੁਝ ਦੱਸਿਐ ਤਾਂ ਵੇ ਬੱਚਿਆ।

20