ਪੰਨਾ:ਰਾਵੀ - ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਾਂਗੇ ਰੁੱਖ ਦੀ ਟੀਸੀ ਬਹਿ ਕੇ, ਸੁਣ ਲਉ ਕੀ ਕੁਝ ਮੋਰ ਬੋਲਦਾ।
ਕੱਲ ਮੁ ਕੱਲ੍ਹਾ ਮੁੱਕ ਨਾ ਜਾਵਾਂ, ਆਪਣੇ ਵਰਗੇ ਹੋਰ ਟੋਲਦਾ।

ਸੱਤ ਰੰਗੀ ਅਸਮਾਨ ਦੀ ਲੀਲ੍ਹਾ, ਖੰਭਾਂ ਅੰਦਰ ਸਗਲ ਸਮੋਈ,
ਮੋਰਨੀਆਂ ਬਿਨ ਦੱਸੋ ਕਿੱਸਰਾਂ ਦਿਲ ਦੇ ਗੁੱਝੇ ਭੇਤ ਖੋਲ੍ਹਦਾ।

ਰੂਹ ਤੇ ਭਾਰ ਪਿਆਂ ਤੇ ਅੱਥਰੂ, ਵਹਿਣ ਪਏ ਦਰਿਆ ਦੇ ਵਾਂਗੂੰ,
ਦਿਲ ਦੇ ਵਰਕੇ ਪੀੜ ਪਰੁੱਚੇ, ਤੇਰੇ ਤੋਂ ਬਿਨ ਕੌਣ ਫ਼ੋਲਦਾ।

ਮਨ ਦੇ ਮਹਿਰਮਯਾਰ ਬਿਨਾ ਦੱਸ, ਕਿਹੜਾ ਵੈਦ ਨਿਵਾਰੇ ਮਰਜ਼ਾਂ,
ਸਾਹਾਂ ਦੀ ਮਾਲਾ ਦੇ ਮਣਕੇ, ਥਿੜਕ ਰਹੇ ਤੇ ਚਿੱਤ ਡੋਲਦਾ।

ਤੂੰ ਪੁੱਛਿਐ ਕਿ ਮੇਰੇ ਮਗਰੋਂ, ਮਨ ਤੇਰੇ ਦੀ ਹਾਲਤ ਕੈਸੀ,
ਦਰਦਾਂ ਵਾਲੀ ਗਠੜੀ ਨੂੰ ਮੈਂ, ਤੱਕੜੀ ਦੇ ਵਿੱਚ ਕਿਵੇਂ ਤੋਲਦਾ।

ਸਾਰੀ ਧਰਤ ਵੈਰਾਗਣ ਹੋ ਗਈ, ਪੂਰਨ ਪੁੱਤ ਬਰੋਟਿਆਂ ਮਗਰੋਂ,
ਛਾਵਾਂ ਲੱਭਣ ਮਾਵਾਂ ਇੱਛਰਾਂ, ਪਾਰੇ ਵਾਂਗੂੰ ਚਿੱਤ ਡੋਲਦਾ।

ਬਹੁਤਾ ਉੱਚੀ ਬੋਲ ਬੋਲ ਕੇ, ਜੋ ਕੰਨਾਂ ਦੇ ਦਰ ਖੜਕਾਵੇ,
ਅੰਦਰੋਂ ਬਾਹਰੋਂ ਖਾਲਮ ਖ਼ਾਲੀ, ਭੇਤੀ ਹਾਂ ਮੈਂ ਏਸ ਢੋਲ ਦਾ।

19