ਪੰਨਾ:ਰਾਵੀ - ਗੁਰਭਜਨ ਗਿੱਲ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ ਦਾਸ ਗੁਰ ਮੋਹੜੀ ਗੱਡੀ, ਜਿਹੜੀ ਥਾਂ ਸਿਫ਼ਤੀ ਦਾ ਘਰ ਹੈ।
ਸਰਬ ਕਲਾ ਸੰਪੂਰਨ ਨਗਰੀ, ਗੁਰ ਕੇ ਕਾਰਨ ਅੰਮ੍ਰਿਤਸਰ ਹੈ।

ਧਰਮ ਕਰਮ ਲਈ ਹਰਿਮੰਦਰ ਹੈ, ਗੁਰੂ ਅਰਜਨ ਦੀ ਦੂਰ ਦ੍ਰਿਸ਼ਟੀ,
ਮੀਆਂਮੀਰ ਬਰਾਬਰ ਬੈਠਾ, ਸਰਬ ਕਾਲ ਦਾ ਦੀਦਾਵਰ ਹੈ।

ਹਰਗੋਬਿੰਦ ਗੁਰੂ ਦੀ ਪੀਰੀ, ਨਾਲ ਖੜ੍ਹੀ ਕਿਰਪਾਲੂ ਪੀਰੀ,
ਤਖ਼ਤ ਅਕਾਲ ਉਸਾਰਨਹਾਰਾ, ਨਿਰਭਓ ਤੇ ਨਿਰਵੈਰੀ ਦੂਰ ਹੈ।

ਇੱਕ ਮਾਰਗ ਦੇ ਪਾਂਧੀ ਖ਼ਾਤਰ, ਚਾਰੇ ਬੂਹੇ ਹਰ ਪਲ ਖੁੱਲ੍ਹੇ,
ਸੁਰਤਿ ਇਕਾਗਰ ਜੇਕਰ ਹੋਵੇ, ਸੱਖਣੀ ਝੋਲੀ ਦੇਂਦਾ ਭਰ ਹੈ।

ਬਿਪਰਵਾਦੀਆਂ ਭੇਸ ਬਦਲਿਆ, ਰਾਖੇ ਬਣ ਗਏ ਸਾਡੇ ਘਰ ਦੇ,
ਅਮਰਵੇਲ ਮੁੜ ਬੇਰੀ ਚੜ੍ਹ ਗਈ, ਚੱਟ ਨਾ ਜਾਵੇ ਏਹੀ ਡਰ ਹੈ।

ਸ਼ਬਦ ਗੁਰੂ ਸੰਦੇਸ਼ ਸੁਹਾਵਾ, ਸਾਡੀ ਰੂਹ ਤੇ ਪਰਚਮ ਝੂਲੇ,
ਘਰ ਘਰ ਉੱਸਰੇ ਧਰਮਸਾਲ ਦਾ, ਗੁਰ ਮੇਰੇ ਨੇ ਦਿੱਤਾ ਵਰ ਹੈ।

ਧਰਤਿ ਗਗਨ ਤੇ ਕੁੱਲ ਸ੍ਰਿਸ਼ਟੀ, ਪੱਤੇ ਪੱਤੇ ਗੋਬਿੰਦ ਬੈਠਾ,
ਆਦਿ ਜੁਗਾਦੀ ਜੋਤ ਨਿਰੰਤਰ, ਨੂਰ ਨੂਰਾਨੀ ਦਾ ਸਰਵਰ ਹੈ।

18