ਪੰਨਾ:ਰਾਵੀ - ਗੁਰਭਜਨ ਗਿੱਲ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰਾ ਵੀਰ ਜਤਿੰਦਰ ਪੰਨੂੰ, ਤੇਜ਼ ਧਾਰ ਤਲਵਾਰ ਦੇ ਵਰਗਾ।
ਹਰ ਪਲ ਹਰ ਥਾਂ, ਨਜ਼ਰ ਟਿਕਾਏ, ਕੋਈ ਨਾ ਮੇਰੇ ਯਾਰ ਦੇ ਵਰਗਾ।

ਉਸ ਨੂੰ ਸੁਣ ਕੇ ਹਰ ਵਾਰੀ ਹੀ, ਜੀਅ ਕਰਦਾ ਹੈ ਸੁਣਦੇ ਰਹੀਏ,
ਦੁਸ਼ਮਣ ਖ਼ਾਤਰ ਸ਼ਬਦ ਹਮੇਸ਼ਾਂ, ਵਰਤੇ ਤੇਜ਼ ਕਟਾਰ ਦੇ ਵਰਗਾ।

ਤਰਨ ਤਾਰਨੀ ਪੌਣ ਤੇ ਪਾਣੀ ਸਾਹੀਂ ਬਾਣੀ ਗੁਰ ਅਰਜੁਨ ਦੀ,
ਦੁਸ਼ਟ ਦਮਨ ਦਾ ਆਗਿਆਕਾਰੀ, ਅਣਖ਼ੀਲੀ ਭਬਕਾਰ ਦੇ ਵਰਗਾ।

ਤਰਕ, ਦਲੀਲ ਤੇ ਸ਼ਬਦ ਮੁਹਾਰਤ, ਚਿਣ ਚਿਣ ਵਾਕ ਪੜ੍ਹਾਵੇ ਸਾਨੂੰ,
ਮੇਰੇ ਦੇਸ਼ ਪੰਜਾਬ ਦੀ ਪੂੰਜੀ, ਦਾਨਿਸ਼ਵਰ ਦਸਤਾਰ ਦੇ ਵਰਗਾ।

ਮੰਡੀ ਅੰਦਰ ਮਾਲ ਵਿਕਾਊ, ਸ਼ਰਮ ਧਰਮ ਸਭ ਲੁਕਦੇ ਫਿਰਦੇ,
ਦੇਸ ਅਤੇ ਪਰਦੇਸ 'ਚ ਬੜ੍ਹਕੇ, ਸਾਣ ਚੜ੍ਹੇ ਹਥਿਆਰ ਦੇ ਵਰਗਾ।

ਧਰਤੀ ਦੀ ਮਰਿਆਦਾ ਸਮਝੇ, ਬੀਤਿਆ, ਅੱਜ, ਤੇ ਜਾਣੇਂ ਕੱਲ੍ਹ ਨੂੰ,
ਸੂਰਜ ਤੋਂ ਪਰਵਾਜ਼ ਅਗੇਰੇ, ਰੂਹੋਂ ਬਾਜ਼ ਉਡਾਰ ਦੇ ਵਰਗਾ।

ਅਗਨ ਨਿਰੰਤਰ, ਲਗਨ ਅਥਾਹ ਤੇ, ਦਮ ਦਮ ਫ਼ਿਕਰ ਸਵਾਮੀਂ ਤੁਰਦੇ,
ਕਰੇ ਨਿਸ਼ਾਵਰ ਦਿਲ ਦੀ ਪੂੰਜੀ, ਦੌਲਤਮੰਦ ਦਿਲਦਾਰ ਦੇ ਵਰਗਾ।

17