ਪੰਨਾ:ਰਾਵੀ - ਗੁਰਭਜਨ ਗਿੱਲ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦੀਆਂ ਮਗਰੋਂ ਅੱਜ ਵੀ ਡਾਢੇ, ਮਾਰਨ ਗਊ ਗਰੀਬ ਤੇ ਧਾੜਾ।
ਪਰਸੂ ਰਾਮ ਚਲਾਉ ਜੀ ਹੁਣ, ਜਾਬਰ ਉੱਤੇ ਤੇਜ਼ ਕੁਹਾੜਾ।

ਜ਼ਰ ਜਰਵਾਣੇ ਕਾਬਜ਼ ਹੋ ਗਏ, ਧਰਮ ਵਰਤ ਕੇ ਸ਼ਕਤੀ ਉੱਤੇ,
ਬਾਹੂਬਲੀ ਬਣੇ ਵਰਦਾਨੀ, ਗਿਆਨਵੰਤ ਮਾੜੇ ਦਾ ਮਾੜਾ।

ਅੰਧਲੀ ਅੰਧਲੇ ਮਾਪਿਆਂ ਵਾਂਗੂ, ਬੇਵੱਸ ਜਨਤਾ ਰਾਹੀਂ ਬੈਠੀ,
ਪਾਲ ਪੋਸ ਕੇ ਗੱਭਰੂ ਕੀਤਾ, ਸਰਵਣ ਪੁੱਤਰ ਮੰਗਦਾ ਭਾੜਾ।

ਕੁੱਲ ਦੁਨੀਆਂ ਦੇ ਧਰਮ ਗਰੰਥਾਂ, ਲਿਖਕੇ ਸਾਨੂੰ ਇਹ ਸਮਝਾਇਆ,
ਕੰਚਨ ਕਾਇਆ ਨੂੰ ਖਾ ਜਾਵੇ, ਮਨ ਮੰਦਰ ਦਾ ਕੀਨਾ ਸਾੜਾ।

ਮੁੱਠੀ ਦੇ ਵਿੱਚ ਦੁਨੀਆਂ ਕਰਦੇ, ਕਿੱਥੋਂ ਕਿੱਥੇ ਪਹੁੰਚ ਗਏ ਹਾਂ,
ਆਪਣੇ ਘਰ ਪਰਦੇਸੀ, ਵਧਿਆ, ਬੰਦੇ ਤੋਂ ਬੰਦੇ ਵਿੱਚ ਪਾੜਾ।

ਭਰਮ ਨਹੀਂ, ਵਿਸ਼ਵਾਸ ਪੁਰਾਣਾ, ਹੁਣ ਤੀਕਰ ਵੀ ਨਾਲ ਬਰਾਬਰ,
ਦੋ ਹੱਥਾਂ ਤੋਂ ਵੱਡਾ ਕਿਧਰੇ, ਦਿਸਿਆ ਹੀ ਨਹੀਂ ਕਿਸਮਤ ਘਾੜਾ।

ਅੰਧੀ ਰੱਯਤ ਗਿਆਨ ਵਿਹੂਣੀ, ਲਾਡੋਰ ਬੰਨ੍ਹ ਤੁਰਦੀ ਜਾਵੇ,
ਆਜੜੀਆਂ ਦੇ ਕਬਜ਼ੇ ਅੰਦਰ, ਹਾਲੇ ਵੀ ਭੇਡਾਂ ਦਾ ਵਾੜਾ।

16