ਪੰਨਾ:ਰਾਵੀ - ਗੁਰਭਜਨ ਗਿੱਲ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਬੋਲ ਸਮਰਪਿਤ ਮੇਰਾ, ਕੁੱਲ ਧਰਤੀ ਦੀਆਂ ਮਾਵਾਂ ਨੂੰ।
ਪਾਲ ਪੋਸ ਜਿਨ ਵੱਡਿਆਂ ਕੀਤਾ, ਨਿੱਕਿਆਂ ਨਿੱਕਿਆਂ ਚਾਵਾਂ ਨੂੰ।

ਧਰਮੀ ਬਾਬਲ ਜੁਗਤ ਸਿਖਾਈ,ਚੜ੍ਹਦੇ ਪਾਣੀ ਤੁਰਨ ਲਈ,
ਪਾਰ ਕਰਨ ਦੀ ਤਾਕਤ ਬਖ਼ਸ਼ੀ, ਭਰ ਵਗਦੇ ਦਰਿਆਵਾਂ ਨੂੰ।

ਰੂਪ ਮੇਰੇ ਵਿੱਚ ਤੂੰ ਵੀ ਸ਼ਾਮਿਲ, ਸੂਰਜ ਦੀ ਲਿਸ਼ਕੋਰ ਦੇ ਵਾਂਗ,
ਨਵਾਂ ਨਵੇਲਾ ਰੰਗ ਚੜ੍ਹਾਇਆ, ਆਉਂਦੇ ਜਾਂਦੇ ਸਾਹਵਾਂ ਨੂੰ।

ਘਾਹ ਦੀਆਂ ਪੱਤੀਆਂ, ਤਰੇਲ ਦੇ ਮੋਤੀ, ਕਰਨ ਗੁਫ਼ਤਗੂ ਸ਼ਾਮ ਸਵੇਰ,
ਵੇਖ ਲਿਆ ਕਰ ਤੜਕਸਾਰ ਤੂੰ, ਮਨ ਤੋਂ ਮਨ ਦੇ ਰਾਹਵਾਂ ਨੂੰ।

ਸੱਜਰੀ ਸੱਜਰੀ, ਕੋਸੀ ਕੋਸੀ, ਸਿਖ਼ਰ ਸਿਆਲੀ ਧੁੱਪ ਦੇ ਵਾਂਗ,
ਰਿਸ਼ਮ ਰੁਪਹਿਲੀ ਬਣ ਆਇਆ ਕਰ, ਸਾਡੇ ਵਤਨ ਗਿਰਾਵਾਂ ਨੂੰ।

ਬੱਚਿਆਂ ਹੱਥੋਂ ਟੁੱਕਰ ਖੋਂਹਦੇ, ਝਪਟ ਮਾਰ ਕੇ ਉੱਡ ਜਾਂਦੇ,
ਮਾਰ ਗੁਲੇਲਾਂ ਚੱਲ ਉਡਾਈਏ, ਮੱਕੀਆਂ ਡੁੰਗਦੇ ਕਾਵਾਂ ਨੂੰ।

ਉਂਗਲੀ ਪਕੜ ਸਿਖਾਇਆ ਤੁਰਨਾ, ਪਰ ਦਿੱਤੇ ਨੇ ਉੜਨ ਲਈ,
ਸਦਾ ਸਲਾਮਤ ਰੱਖੀਂ ਮੌਲਾ, ਮੇਰੇ ਭੈਣ ਭਰਾਵਾਂ ਨੂੰ।

15