ਪੰਨਾ:ਰਾਵੀ - ਗੁਰਭਜਨ ਗਿੱਲ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਇਹ ਪਤਾ ਵੀ ਲੱਗਦਾ ਹੈ ਪੰਜ ਦਰਿਆਵਾਂ ਦੀ ਇਸ ਧਰਤੀ, ਜਿਸ ਦੀਆਂ ਰਵਾਇਤਾਂ ਤੇ ਸਭਿਆਚਾਰ 'ਤੇ ਅਸੀਂ ਮਾਣ ਕਰਦੇ ਹਾਂ, 'ਗਫ਼ਲਤ ਦੇ ਟਿੱਬਿਆਂ' ਵਿਚ ਜ਼ੀਰ ਗਏ ਹਨ। ਇਸ ਸਫ਼ਰ ਵਿਚ ਉਹ ਸੌ ਜਨਮਾਂ ਦੇ ਵਿਛੋੜੇ ਮਾਧਉ, ਬੇਗਮਪੁਰੇ ਦੇ ਵਾਸੀਆਂ ਤੇ ਪਾਸ਼ ਨਾਲ ਸੰਵਾਦ ਰਚਾਉਂਦਾ ਹੈ। ਏਸੇ ਕਰਕੇ ਉਹਦੇ ਸ਼ੇਅਰ ਐਹੋ ਜਿਹੇ ਹਨ, ਜਿਨ੍ਹਾਂ ਦੀ ਨੌਈਅਤ ਪੂਰੀਆਂ ਨਜ਼ਮਾਂ ਜਿਹੀ ਹੈ:

ਮੈਂ ਦੋਚਿੱਤੀਆਂ ਨਸਲਾਂ ਕੋਲੋਂ ਏਹੀ ਸਬਕ ਸਮਝਿਐ, ਤਾਂਹੀਓਂ,
ਬੋਲ ਮੈਂ ਜਿਹੜੇ ਸੋਚ ਲਏ ਉਹ ਜਾਂਦੇ ਜਾਂਦੇ ਕਹਿ ਜਾਣੇ ਨੇ।

ਹਰ ਸ਼ਾਇਰ ਦਾ ਸਫ਼ਰ ਡਰ, ਭਉ, ਆਸ਼ਾ, ਨਿਰਾਸ਼ਾ, ਜਗਿਆਸਾ, ਯਾਦਾਂ, ਮਹਿਕਾਂ, ਸੁਗੰਧੀਆਂ, ਦੁੱਖਾਂ, ਸੁਖਾਂ, ਬਿਰਹਾ ਤੇ ਵਸਲ ਦੇ ਜੰਜ਼ਾਲਾਂ, ਜ਼ਿੰਦਗੀ ਵਿਚਲੇ ਖ਼ਤਰਿਆਂ, ਵੇਦਨਾ ਤੇ ਜ਼ੋਖ਼ਮ ਨਾਲ ਭਰਿਆ ਹੁੰਦਾ ਹੈ। ਗੁਰਭਜਨ ਗਿੱਲ ਦੇ ਸਫ਼ਰ ਵਿਚ ਇਹ ਸਭ ਕੁਝ ਵਿਦਮਾਨ ਹੈ, ਪਰ ਉਹ ਆਸ ਦਾ ਪੱਲੂ ਨਹੀਂ ਛੱਡਦਾ:

ਤੁਸੀਂ ਪਾਣੀ ਤਾਂ ਪਾਓ, ਫੇਰ ਫ਼ਲ ਫੁੱਲ ਹਾਰ ਮਹਿਕਣਗੇ,
ਭਲਾ ਜੀ ਆਸ ਦੇ ਬੂਟੇ ਨੂੰ ਦੱਸੋ ਕੀਹ ਨਹੀਂ ਲੱਗਦਾ?

ਆਸ ਦੇ ਬੂਟੇ ਨੂੰ ਤਾਂ ਬਹੁਤ ਕੁਝ ਲੱਗਦਾ ਹੈ ਤੇ ਇਹ ਭੇਤ ਗੁਰਭਜਨ ਗਿੱਲ ਜਾਣਦਾ ਹੈ ਅਤੇ ਉਹ ਇਹ ਵੀ ਜਾਣਦਾ ਹੈ ਕਿ ਉਹ ਬਹੁਤ ਕੁਝ ਕਹਿ ਚੁੱਕਾ ਹੈ, ਪਰ ਹਾਲੇ ਉਹਦੇ ਕੋਲ ਬਹੁਤ ਅਣਕਿਹਾ ਵੀ ਹੈ ਤੇ ਇਸੇ ਲਈ ਉਹ ਸਾਨੂੰ ਦੱਸਦਾ ਹੈ:

ਬਹੁਤ ਹਾਲੇ ਅਣਕਿਹਾ, ਲਿਖਿਆ ਨਹੀਂ, ਪੜ੍ਹਿਆ ਨਹੀਂ।
ਕੰਢੇ ਕੰਢੇ ਫਿਰ ਰਿਹਾਂ ਸਾਗਰ 'ਚ ਮੈਂ ਵੜਿਆ ਨਹੀਂ।

ਅਖ਼ੀਰ ਵਿਚ ਮੈਂ ਇਹ ਕਹਿਣਾ ਚਾਹੁੰਦਾ ਕਿ ਗੁਰਭਜਨ ਗਿੱਲ ਦੇ ਕਹੇ ਸ਼ੇਅਰਾਂ ਵਿਚ ਪਾਠਕਾਂ ਨੂੰ ਅਣਕਹੇ ਦੀਆਂ ਗੂੰਜਾਂ ਵੀ ਸੁਣਨਗੀਆਂ ਤੇ ਕਹੇ ਦੀਆਂ ਵੀ। ਉਸ ਨੇ ਆਪਣੇ ਦਿਲ ਨੂੰ ਪੰਜਾਬ ਤੇ ਪੰਜਾਬੀਅਤ ਦਾ ਵਿਹੜਾ ਬਣਾ ਲਿਆ ਹੈ, ਜਿਸ ਵਿਚ ਪੰਜਾਬ ਦੇ ਲੋਕਾਂ ਦੇ ਸੁੱਖ, ਦੁੱਖ, ਮਜ਼ਬੂਰੀਆਂ, ਪ੍ਰੇਸ਼ਾਨੀਆਂ, ਮੁਸ਼ਕਿਲਾਂ ਸਭ ਹਾਜ਼ਰ ਨਾਜ਼ਰ ਹਨ। ਏਹੀ ਗੁਰਭਜਨ ਗਿੱਲ ਤੇ ਉਸ ਦੇ ਕਲਾਮ ਦੀ ਪ੍ਰਾਪਤੀ ਹੈ।

ਸਵਰਾਜਬੀਰ (ਡਾ.)

ਸ਼ਿਲਾਂਗ 21 ਸਤੰਬਰ, 2017

14