ਪੰਨਾ:ਰਾਵੀ - ਗੁਰਭਜਨ ਗਿੱਲ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੜੀਆਂ ਪਿੰਡ ਦੀਆਂ ਬੈਠ ਕੇ ਮਤਾ ਕੀਤਾ,
ਲੁੱਟੀ ਅੱਜ ਕੰਧਾਰ ਪੰਜਾਬੀਆਂ ਜੀ॥
ਅਹਿਮਦ ਸ਼ਾਹ ਵਾਂਗੂੰ ਮੇਰੇ ਵੈਰ ਪੈ ਕੇ,
ਪੁੱਟ ਹਿੰਦ ਦੇ ਚੱਲ ਦਾ ਤਾਲ ਕੀਤੋ॥

ਫਿਰ ਰਵਾਇਤ ਚੇਤਨ ਤੇ ਅਵਚੇਤਨ ਤੌਰ ਬਹੁਤ ਸਾਰੇ ਪੰਜਾਬੀ ਸ਼ਾਇਰਾਂ ਦੀ ਸ਼ਾਇਰੀ ਵਿਚ ਉੱਭਰੀ ਤੇ ਕਾਇਮ ਰਹੀ ਹੈ ਤੇ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਇਹ ਇੱਕ ਉੱਭਰਦੀ ਸੁਰ ਹੈ। ਗੁਰਭਜਨ ਗਿੱਲ ਦੀ ਨਿੱਜਤਾ ਦਾ ਸੰਸਾਰ ਪੰਜਾਬ ਹਾਲਾਤ ਨਾਲ ਟਕਰਾਉਂਦਾ ਹੈ। ਨਿੱਜਤਾ ਦਾ ਬਿਰਤਾਂਤ ਪੰਜਾਬ ਤੇ ਪੰਜਾਬੀਅਤ ਦੇ ਬਿਰਤਾਂਤ ਨਾਲ ਖਹਿਬੜਦਾ ਹੈ:

ਜਿਸ ਦਿਨ ਤੂੰ ਨਜ਼ਰੀਂ ਆ ਜਾਵੇ, ਓਹੀ ਦਿਵਸ ਗੁਲਾਬ ਦੇ ਵਰਗਾ।
ਬਾਕੀ ਬਚਦਾ ਹਰ ਦਿਨ ਜੀਕੂੰ, ਰੁੱਸ ਗਏ ਦੇਸ਼ ਪੰਜਾਬ ਦੇ ਵਰਗਾ।

ਅੱਖੀਆਂ ਦੇ ਵਿੱਚ ਸਹਿਮ ਸੰਨਾਟਾ ਵੱਖੀਆਂ ਅੰਦਰ ਭੁੱਖ ਦਾ ਤਾਂਡਵ,
ਬੰਨ੍ਹ ਕਾਫ਼ਲੇ ਨਾਰੋਵਾਲ ਤੋਂ ਲੱਗਦੈ ਮੇਰਾ ਟੱਬਰ ਆਇਆ।

ਇਹ ਜਿਹੇ ਬਿਆਨ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਥਾਂ ਥਾਂ 'ਤੇ ਮਿਲਦੇ ਹਨ, ਕਿਤੇ ਸਾਫ਼ ਸਪਸ਼ਟ ਤੇ ਕਿਤੇ ਬੜੀ ਨਜ਼ਾਕਤ ਨਾਲ, ਉਹਲੇ ਵਿਚ, ਲੁਕੇ ਲੁਕੇ ਜਿਹੇ:

ਜਿਸ ਵਿੱਚ ਤੇਰੀ ਮੇਰੀ ਰੂਹ ਦਾ ਰੇਸ਼ਮ ਸੀ,
ਕਿੱਧਰ ਗਈ ਹੁਣ ਉਹ ਫੁਲਕਾਰੀ, ਹਾਏ ਤੌਬਾ।

ਇੱਕ ਹੋਰ ਰਵਾਇਤ ਜੋ ਸ਼ੇਖ ਫ਼ਰੀਦ ਦੀ ਸ਼ਾਇਰੀ

ਫਰੀਦਾ ਰੁਤਿ ਫਿਰੀ, ਵਣੁ ਕੰਬਿਆ, ਪਤ ਝੜੇ ਝੜਿ ਪਾਹਿ॥
ਲੰਮੀ ਲੰਮੀ ਨਦੀ ਵਰੈ ਕੰਧੀਐ ਕੇਰੈ ਹੇਤਿ॥
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ॥
ਕਲਰ ਕੇਰੀ ਛਪੜੀ ਆਦਿ ਉਲਥੇ ਹੰਝ॥

ਤੋਂ ਲੈ ਕੇ ਸਾਰੀ ਪੰਜਾਬੀ ਸ਼ਾਇਰੀ ਵਿਚ ਕਾਇਮ ਰਹੀ ਹੈ, ਉਹ ਬੰਦੇ ਦੀ ਹੋਣ ਥੀਣ ਨੂੰ ਕੁਦਰਤ ਨਾਲ ਮੇਲਣਾ। ਇਹ ਰਵਾਇਤ ਗੁਰਬਾਣੀ ਵਿਚ ਵੀ ਮਿਲਦੀ ਹੈ ਤੇ ਮੱਧਕਾਲੀਨ ਸੂਫ਼ੀ ਸ਼ਾਇਰਾਂ ਵਿਚ ਵੀ। ਮੋਹਨ ਸਿੰਘ ਤੇ ਸ਼ਿਵ ਕੁਮਾਰ ਵਿਚ ਵੀ।

ਤੇਰੇ ਦੋ ਨੈਣਾਂ ਵਿਚ ਸੁਪਨਾ ਦਿਨ ਵੇਲੇ ਜਿਉਂ ਸੂਰਜ ਦਗਦਾ।
ਸ਼ਾਮ ਢਲੇ ਤੋਂ ਮਗਰੋਂ ਏਹੀ, ਪਤਾ ਨਹੀਂ ਕਿਉਂ ਚੰਨ ਹੈ ਲਗਦਾ।

ਛਣਕੀਆਂ ਫ਼ਲੀਆਂ ਸ਼ਰੀਂਹ ਤੇ, ਮੈਂ ਕਿਹਾ,
ਸੁਣ ਜ਼ਰਾ ਇਹ ਬਿਰਖ਼ ਦਾ ਜੋ ਤਾਲ ਹੈ।

ਬਹੁਤ ਸਾਰੀਆਂ ਰਵਾਇਤਾਂ ਦਾ ਪੱਲੂ ਫੜਦਾ ਤੇ ਆਪਣੀ ਨਿਵੇਕਲੀ ਸੁਰ ਸਿਰਜਦਾ ਗੁਰਭਜਨ ਗਿੱਲ ਸਾਨੂੰ ਅੱਜ ਦੇ ਪੰਜਾਬ ਦੇ ਰੂਬਰੂ ਕਰਦਾ ਹੈ। ਉਹ 'ਧਰਤੀ ਦੀਆਂ ਧੀਆਂ' ਦੇ ਦੁੱਖਾਂ ਦੀਆਂ ਗੱਲਾਂ ਕਰਦਾ ਸਾਡੀ ਲੋਕ-ਸਮਝ ਤੇ ਵਿਦਵਤਾ 'ਤੇ ਪ੍ਰਸ਼ਨ ਕਰਦਾ ਹੈ। ਸੰਤਾਲੀ ਦੇ ਜ਼ਖ਼ਮ ਦੇ ਸ਼ਿੱਦਤ ਮਹਿਸੂਸ ਕਰਦਿਆਂ ਉਹ ਇਸ ਸਿੱਟੇ 'ਤੇ ਪਹੁੰਚਦਾ ਹੈ ਕਿ 'ਦਰਦਾਂ ਵਾਲੀ ਗਠੜੀ' ਨੂੰ ਤੋਲਿਆ ਨਹੀਂ ਜਾ ਸਕਦਾ। ਸ਼ਾਇਰੀ ਦੇ ਇਸ ਸਫ਼ਰ ਵਿਚ ਉਸ

13