ਪੰਨਾ:ਰਾਵੀ - ਗੁਰਭਜਨ ਗਿੱਲ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰਭਜਨ ਗਿੱਲ ਦੇ ਕਾਵਿ-ਸੰਸਾਰ ਵਿਚਲਾ ਦੂਸਰਾ ਮੁੱਖ ਬਿਰਤਾਂਤ ਹੈ, ਉਸ ਦੀ ਨਿੱਜਤਾ ਦਾ ਬਿਰਤਾਂਤ। ਇਸ ਤਰ੍ਹਾਂ ਦੇ ਕਾਵਿ ਵਿਚ ਰੋਜ਼ਮੱਰਾ ਦੀ ਜ਼ਿੰਦਗੀ ਤੇ ਸੰਘਰਸ਼ ਤੋਂ ਪੈਦਾ ਹੁੰਦਾ ਖ਼ਲਲ ਹੈ, ਬੰਦੇ ਦੀ ਟੁੱਟ-ਭੱਜ ਤੇ ਸਿਰਜਣਾ ਦਾ ਬਿਆਨ ਹੈ, ਟਕਰਾਉ ਹੈ, ਅਸੰਗਤੀਆਂ ਹਨ, ਬੰਦੇ ਦੇ ਅਧੂਰੇਪਨ ਦੀਆਂ ਬਾਤਾਂ ਹਨ, ਪੰਜਾਬੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਨਾਲ ਲੋਹਾ ਲੈਂਦੀ ਮਾਨਸਿਕਤਾ ਹੈ:

ਹੁਣੇ ਹੁਣੇ ਤੂੰ ਯਾਦ ਸੀ ਕੀਤਾ, ਪਹੁੰਚ ਗਿਆ ਹਾਂ।
ਵੇਖ ਜ਼ਰਾ ਮੈਂ ਤੇਰੇ ਦਿਲ ਵਿੱਚ ਧੜਕ ਰਿਹਾ ਹਾਂ।

ਸ਼ੁਕਰ ਤੇਰਾ ਧੰਨਵਾਦ ਨੀ ਜਿੰਦੇ, ਜੇ ਨਾ ਲਾਉਂਦੀ ਫਿਰ ਕੀ ਹੁੰਦਾ,
ਸਾਰੀ ਜ਼ਿੰਦਗੀ ਦਾ ਇਹ ਹਾਸਿਲ, ਟੁੱਟਾ ਭੱਜਿਆ ਇੱਕ ਅੱਧ ਲਾਰਾ।

ਤੇਰੇ ਅੰਦਰ ਕਿੰਨਾ ਲਾਵਾ, ਦਿਲ ਵਿੱਚ ਤੜਪੇ, ਦਸਤਕ ਦੇਵੇ,
ਅੱਥਰੂ ਬਣ ਕਿਉਂ ਵਹਿ ਜਾਂਦਾ ਏ, ਦੱਸ ਤਾਂ ਸਹੀ ਅੱਖੀਆਂ ਦੇ ਕੋਇਆ।

ਲਗਨ ਹੈ ਤਾਂ ਅਗਨ ਹੈ, ਮਗਰੋਂ ਤਾਂ ਸਾਰੀ ਰਾਖ਼ ਹੈ,
ਐ ਹਵਾ! ਤੂੰ ਦੱਸ ਦੇਵੀਂ, ਜਾ ਕੇ ਮੇਰੇ ਯਾਰ ਨੂੰ।

ਹਰ ਸ਼ਾਇਰ ਦੇ ਅੰਦਰ ਇੱਕ ਸੱਚਾ ਮਨੁੱਖ ਬੈਠਾ ਹੁੰਦਾ ਹੈ। ਸ਼ਾਇਰ ਸੰਸਾਰੀ ਜੀਵ ਹੈ। ਉਸ ਨੇ ਨੌਕਰੀ ਕਰਨੀ ਹੈ, ਰਿਸ਼ਤੇਦਾਰੀਆਂ ਨਿਭਾਉਣੀਆਂ ਹਨ, ਜਿਸ ਧਰਮ ਤੇ ਜਾਤ ਵਿਚ ਉਸ ਨੇ ਜਨਮ ਲਿਆ, ਉਨ੍ਹਾਂ ਦੇ ਆਇਦ ਕੀਤੇ ਤੌਰ-ਤਰੀਕਿਆਂ ਨਾਲ ਉਲਝਣਾ ਹੈ, ਸਮਾਜ ਵਿਚ ਮੌਜੂਦ ਵਿਚਾਰਧਾਰਕ ਸੱਤਾ ਸੰਸਥਾਵਾਂ ਜਿਵੇਂ ਪਰਿਵਾਰ, ਵਿਦਿਅਕ ਅਦਾਰੇ, ਧਾਰਮਿਕ ਅਦਾਰੇ ਆਦਿ) ਨਾਲ ਉਲਝਣਾ ਹੈ, ਕਿਤੇ ਸਮਝੌਤੇ ਕਰਨੇ ਹਨ ਤੇ ਕਿਤੇ ਬੋਲਣਾ ਹੈ। ਇਸ ਟਕਰਾਉ ਤੇ ਦਵੰਦ ਨੂੰ ਗੁਰਭਜਨ ਗਿੱਲ ਏਦਾਂ ਪੇਸ਼ ਕਰਦਾ ਹੈ:

ਮੈਂ ਜੋ ਵੀ ਸੋਚਦਾ ਹਾਂ, ਕਹਿਣ ਵੇਲੇ ਜਰਕ ਜਾਂਦਾ ਹਾਂ,
ਮੇਰੇ ਵਿੱਚ ਕੌਣ ਆ ਬੈਠਾ ਹੈ, ਬਿਲਕੁਲ ਅਜਨਬੀ ਵਰਗਾ।

ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿਚ ਇਹ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਹੀਰ-ਰਾਂਝੇ ਦੇ ਇਸ਼ਕ ਦਾ ਬਿਰਤਾਂਤ, ਵਾਰਿਸ ਦੀ ਨਿੱਜਤਾ ਦਾ ਬਿਰਤਾਂਤ ਤੇ ਦੇਸ਼ ਪੰਜਾਬ ਹਾਲ ਅਹਿਵਾਲ ਦਾ ਬਿਰਤਾਂਤ ਇਕਮਿੱਕ ਹੋ ਜਾਂਦੇ ਹਨ, ਸੁਖ ਵਿਚ, ਦੁੱਖ ਵਿਚ, ਵਸਲ ਵਿਚ, ਬਿਰਹਾ ਵਿਚ, ਜਸ਼ਨ ਵਿਚ, ਨਿਰਾਸ਼ਾ ਵਿਚ ਤੇ ਇਨ੍ਹਾਂ ਜਜ਼ਬਿਆਂ ਦੇ ਮਿਲਣ ਦੇ ਮਟਕ-ਚਾਨਣੇ ਵਿਚ:

ਸੁਰਮਾ ਨੈਣਾਂ ਦੀ ਧਾਰ ਵਿਚ ਖੂਬ ਰਹਿਆ,
ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ॥
ਮੱਝੀਂ ਜੇਡ ਨਾ ਕਿਸੇ ਦੇ ਹੋਣ ਜ਼ੇਰੇ,
ਰਾਜ ਹਿੰਦ ਪੰਜਾਬ ਦਾ ਬਾਬਰੀ ਵੇ॥
ਵਾਂਗ ਕਿਲ੍ਹੇ ਦਿਪਾਲਪੁਰ ਹੋਇ ਆਲੀ,
ਮੇਰੇ ਬਾਬ ਦਾ ਤੁਧ ਭੁੰਚਾਲ ਕੀਤਾ॥

12