ਪੰਨਾ:ਰਾਵੀ - ਗੁਰਭਜਨ ਗਿੱਲ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਹਿੰਦੇ ਪੰਜਾਬ ਨਾਲ ਸਾਂਝ ਤੇ ਕਦੇ ਵੀ ਨਾ ਵੰਡੇ ਜਾਣ ਦੀ ਤੜਪ ਵਜੋਂ।

ਪੰਜਾਬ ਤੇ ਪੰਜਾਬੀਅਤ ਦੇ ਇਸ ਬਿਰਤਾਂਤ ਸਦਕਾ ਗੁਰਭਜਨ ਗਿੱਲ ਦੀ ਕਾਵਿ-ਬਗੀਚੀ ਵਿਚੋਂ ਵਾਰਿਸ ਸ਼ਾਹ, ਸ਼ਿਵ ਕੁਮਾਰ, ਮੁਨੀਰ ਨਿਆਜ਼ੀ, ਮਜ਼ਹਰ ਤਿਰਮਜ਼ੀ ਤੇ ਬਾਬਾ ਨਜ਼ਮੀ ਦੀ ਮਹਿਕ ਆਉਂਦੀ ਹੈ। ਏਹੋ ਜੇਹੀ ਨਜ਼ਾਕਤ ਨੂੰ ਪਹਿਰਨ ਦੇਂਦੇ ਸ਼ੇਅਰ ਪੰਜਾਬੀ ਲੋਕਮਾਣਸ ਦੇ ਸਾਂਝੀਵਾਲ ਹਨ:

ਕੈਂਚੀ ਵਾਲੇ ਰਾਜ ਕਰਨ ਤੇ ਸੂਈਆਂ ਵਾਲੇ ਫਿਰਨ ਬਾਜ਼ਾਰੀਂ,
ਸਿਰ ਤੋਂ ਪੈਰ ਲੰਗਾਰੀ ਜ਼ਿੰਦਗੀ, ਲੀਰਾਂ ਟੁਕੜੇ ਨਾ ਕੋਈ ਸੀਵੇ।

ਮੇਰੀ ਬੁੱਕਲ ਦੇ ਵਿਚ ਖ਼ਬਰੇ, ਕੀ ਕੁਝ ਸੱਜਣ ਛੱਡ ਜਾਂਦੇ ਨੇ,
ਬਹੁਤੀ ਵਾਰੀ ਦਰਦ ਕੰਵਾਰੇ, ਭੁੱਲ ਜਾਂਦੇ ਨੇ ਏਥੇ ਧਰ ਕੇ।

ਪਰ ਲਹਿੰਦੇ ਪੰਜਾਬ ਦੇ ਜਿਸ ਸ਼ਾਇਰ ਨਾਲ ਗੁਰਭਜਨ ਗਿੱਲ ਨੇ ਲਗਾਤਾਰ ਸੰਵਾਦ ਰਚਾਇਆ ਹੈ ਉਹ ਹੈ ਮਜ਼ਹਰ ਤਿਰਮਜ਼ੀ। ਮਜ਼ਹਰ ਤਿਰਮਜ਼ੀ ਦੇ ਲਿਖੇ ਗੀਤ "ਉਮਰਾਂ ਲੰਘੀਆਂ ਪੱਬਾਂ ਭਾਰ" ਨੂੰ ਅਸਦ ਅਮਾਨਤ ਅਲੀ ਨੇ ਗਾਇਆ ਅਤੇ ਇਹ ਗੀਤ ਪੰਜਾਬੀਆਂ ਦੇ ਮਨਾਂ ਅੰਦਰ ਘਰ ਬਣਾ ਕੇ ਵੱਸ ਗਿਆ। ਇਸ ਗੀਤ ਵਿਚ ਪੰਜਾਬ ਦੀ ਵੰਡ ਤੋਂ ਪੱਕਾ ਹੋਇਆ ਦੁੱਖ ਲੁਕਵੇਂ ਰੂਪ ਵਿਚ ਮੌਜੂਦ ਹੈ ਤੇ ਉਹ ਦੁੱਖ ਤੇ ਸੰਤਾਪ ਜੋ ਲਹਿੰਦੇ ਪੰਜਾਬ ਦੇ ਵਾਸੀਆਂ ਨੇ ਫ਼ੌਜੀ ਹਕੂਮਤਾਂ ਦੇ ਜਬਰ ਹੇਠ ਹੰਢਾਇਆ, ਜਿਹਦੇ ਕਰਕੇ ਸੁਰਖ਼ ਗੁਲਾਬਾਂ ਦੇ ਮੌਸਮ ਵਿਚ ਫੁੱਲਾਂ ਦੇ ਰੰਗ ਕਾਲੇ ਹੋ ਗਏ, ਉਮਰਾਂ ਪੱਬਾਂ ਭਾਰ ਬੈਠਿਆਂ ਲੰਘ ਗਈਆਂ। ਚੜ੍ਹਦੇ ਪੰਜਾਬ ਨੇ ਵੀ ਏਹੋ ਜਿਹੀ ਹੋਣੀ ਹੰਢਾਈ, ਖ਼ਾਸ ਕਰਕੇ 1980 ਈ. ਦੇ ਦਹਾਕੇ ਤੋਂ ਸ਼ੁਰੂ ਹੋਏ ਦੁੱਖ ਦੇ ਦਰਦ ਦੀ ਹੋਣੀ। ਦੋਵੇਂ ਪੰਜਾਬ ਪੰਜਾਬੀਆਂ ਨੂੰ ਭਵਿੱਖਹੀਣੇ ਭੂਗੋਲਿਕ ਖਿੱਤੇ ਲੱਗਦੇ ਨੇ ਜਿੱਥੋਂ ਉਹ ਭੱਜ ਜਾਣਾ ਚਾਹੁੰਦੇ ਹਨ, ਕੈਨੇਡਾ ਨੂੰ ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਨੂੰ, ਯੂਰੋਪ ਦੇ ਕਿਸੇ ਵੀ ਦੇਸ਼ ਨੂੰ, ਕਿਉਂਕਿ ਦੋਹਾਂ ਪੰਜਾਬਾਂ ਵਿਚ ਗੁਰੂਆਂ, ਪੀਰਾਂ, ਫ਼ਕੀਰਾਂ ਦੀਆਂ ਧਰਤੀਆਂ ਦੇ ਢੋਲ ਵੱਜਣ ਦੇ ਬਾਵਜੂਦ ਏਥੋਂ ਦੇ ਰਹਿਣ ਵਾਲਿਆਂ ਨੂੰ ਅੱਜ ਪੈਰ ਲਾਉਣ ਲਈ ਧਰਤੀ ਨਹੀਂ ਮਿਲਦੀ। ਦੋਹਾਂ ਪੰਜਾਬਾਂ ਵਿਚ ਸੁਰਖ਼ ਗੁਲਾਬਾਂ ਦੇ ਮੌਸਮਾਂ ਵਿਚ ਫੁੱਲਾਂ ਦੇ ਰੰਗ ਕਾਲੇ ਹਨ। ਗੁਰਭਜਨ ਗਿੱਲ ਇਸ ਦੀ ਤਸਵੀਰਕਸ਼ੀ ਕੁਝ ਤਰ੍ਹਾਂ ਕਰਦਾ ਹੈ:

ਵਿਹੜੇ ਦੇ ਵਿੱਚ ਬੀਜੀਆਂ ਰੀਝਾਂ, ਬਿਰਖ਼ ਮੁਹੱਬਤਾਂ ਵਾਲੇ।
ਪਰ ਇਨ੍ਹਾਂ ਨੂੰ ਫੁੱਲ ਕਿਉਂ ਪੈਂਦੇ, ਹਰ ਮੌਸਮ ਵਿਚ ਕਾਲੇ।

ਸੁਰਖ਼ ਗੁਲਾਬਾਂ ਦੇ ਮੌਸਮ ਵਿੱਚ, ਫ਼ੁੱਲਾਂ ਦੇ ਰੰਗ ਕਾਲ਼ੇ ਕਿਉਂ ਨੇ।
ਵੇਖਣ ਵਾਲੀ ਅੱਖ ਦੇ ਅੰਦਰ, ਏਨੇ ਗੂੜ੍ਹੇ ਜਾਲ਼ੇ ਕਿਉਂ ਨੇ।

ਸੁਰਖ਼ ਗੁਲਾਬਾਂ ਦੇ ਬਾਗ਼ਾਂ ਵਿੱਚ, ਪੀਲ਼ੀ ਰੁੱਤ ਵੀ ਆ ਜਾਂਦੀ ਹੈ।
ਗੁਰਬਤ ਜੀਕੂੰ ਖੜ੍ਹੇ ਖਲੋਤੇ, ਸਾਬਤ ਬੰਦੇ ਖਾ ਜਾਂਦੀ ਹੈ।

ਰਾਵੀ ਪਾਰੋ ਅਸਦ ਅਮਾਨਤ* ਗਾ ਕੇ ਲਾਹਵੇ ਜਾਲ਼ੇ।
ਸੁਰਖ਼ ਗੁਲਾਬਾਂ ਦੇ ਮੌਸਮ ਕਿਉਂ, ਫੁੱਲਾਂ ਦੇ ਰੰਗ ਕਾਲ਼ੇ।

11