ਪੰਨਾ:ਰਾਵੀ - ਗੁਰਭਜਨ ਗਿੱਲ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਣੋ ਇੱਕ ਵਾਰ ਸੁਣੋ, ਮੇਰਾ ਪਿੱਛਾ ਨਾਰੋਵਾਲ,
ਅਸੀਂ ਉੱਜੜੇ ਆਜ਼ਾਦੀ ਹੱਥੋਂ ਸੁਣੇ ਮੇਰੇ ਮੀਤ।

ਕਿੱਥੇ ਸੁੱਟਿਆ ਲਿਆ ਕੇ ਸਾਨੂੰ ਵੰਡ ਤੇ ਵੰਡਾਰੇ,
ਜੜ੍ਹਾਂ ਅੱਜ ਤੀਕ ਭੁੱਲੀਆਂ ਨਾ ਪਿਛਲੀ ਪ੍ਰੀਤ।

ਜਿਸ ਪਿੰਡ ਵਿਚ ਜੰਮਿਆ ਤੇ ਪਾਇਆ ਪਹਿਲਾ ਊੜਾ,
ਓਸ ਪਾਠਸ਼ਾਲ ਥਾਵੇਂ ਪਹਿਲਾਂ ਹੁੰਦੀ ਸੀ ਮਸੀਤ।

ਸਾਨੂੰ ਦਰਦਾਂ ਪੜ੍ਹਾਇਆ ਹੈ ਮੁਹੱਬਤਾਂ ਦਾ ਕਾਇਦਾ,
ਤਾਂ ਹੀ ਪੈਰ ਪੈਰ ਉੱਤੇ ਪਿੱਛਾ ਛੱਡੇ ਨਾ ਅਤੀਤ।

ਉੱਪਰ ਦਿੱਤੀਆਂ ਟੂਕਾਂ ਤੋਂ ਸਪਸ਼ਟ ਹੈ ਕਿ ਗੁਰਭਜਨ ਗਿੱਲ- ਕਾਵਿ ਵਿਚਲੇ ਪੰਜਾਬ ਦਾ ਬਿਰਤਾਂਤ ਕੋਈ ਰਹੱਸਮਈ ਜਾਂ ਅਮੂਰਤ ਪੰਜਾਬੀਅਤ ਦਾ ਬਿਰਤਾਂਤ ਨਹੀਂ ਹੈ। ਇਹ ਬਿਰਤਾਂਤ ਥਾਵਾਂ, ਨਦੀਆਂ, ਦਰਿਆਵਾਂ ਤੇ ਉਨ੍ਹਾਂ ਜੂਹਾਂ ਨਾਲ ਗੰਢਿਆ ਹੋਇਆ ਹੈ, ਜਿੱਥੇ ਗੁਰਭਜਨ ਗਿੱਲ ਜੰਮਿਆ ਪਲਿਆ ਤੇ ਜਵਾਨ ਹੋਇਆ। ਇਸ ਬਿਰਤਾਂਤ ਵਿਚ ਸਥਾਨਕਤਾ ਦਾ ਗੌਰਵ ਹੈ ਅਤੇ ਇਸ ਸਥਾਨਕਤਾ ਦੀ ਧੁਰੀ ਹੈ ਦਰਿਆ ਰਾਵੀ, ਉਹ ਰਾਵੀ ਜਿਸ ਦੇ ਕੰਢਿਆਂ 'ਤੇ ਪੰਜਾਬ ਦੇ ਸਭ ਤੋਂ ਅਜ਼ੀਮ ਪੁੱਤਰ ਗੁਰੂ ਨਾਨਕ ਦੇਵ ਜੀ ਨੇ ਆਪਣਾ ਪੱਕਾ ਟਿਕਾਣਾ ਬਣਾਇਆ, ਓਹੀ ਰਾਵੀ, ਜਿਸ ਦੇ ਪਾਣੀਆਂ ਨਾਲ ਪੰਜਾਬ ਦੀਆਂ ਮੁਟਿਆਰਾਂ ਗੱਲਾਂ ਕਰਦੀਆਂ ਹਨ ਤੇ ਉਸ 'ਤੇ ਤਰਦੇ ਪੀਲੇ ਫੁੱਲਾਂ ਨਾਲ ਆਪਣੇ ਦੁੱਖ-ਸੁੱਖ ਸਾਂਝੇ ਕਰਦੀਆਂ ਹਨ। ਉਹ ਰਾਵੀ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਇੱਕ ਜੀਉਂਦੀ ਜਾਗਦੀ ਸਾਹ ਲੈਂਦੀ ਇਕਾਈ ਹੈ:

ਤੇਰੇ ਲਈ ਦਰਿਆ ਹੈ ਰਾਵੀ, ਮੇਰੇ ਲਈ ਇਹ ਦੇਸ ਵੀਰਿਆ।
ਧਰਮੀ ਬਾਬਲ, ਮਾਂ ਹੈ ਰਾਵੀ, ਇਸ ਓਹਲੇ ਪਰਦੇਸ ਵੀਰਿਆ।

ਏਸ ਦਰਿਆ ਦੀ ਕਹਾਣੀ, ਨਾ ਸੁਣਾ, ਮੈਂ ਜਾਣਦਾਂ,
ਏਸ ਰਾਵੀ ਜ਼ਖ਼ਮ ਦਿੱਤੇ ਅੱਜ ਵੀ ਓਵੇਂ ਹਰੇ।

ਕਿਵੇਂ ਲਿਖੇਂ ਤੂੰ ਮੁਹੱਬਤਾਂ ਦਾ ਗ਼ਜ਼ਲਾਂ ਤੇ ਗੀਤ।
ਕਿੱਦਾਂ ਸ਼ਬਦੀਂ ਪਰੋਨੈਂ, ਵਿੱਚ ਰਾਵੀ ਦਾ ਸੰਗੀਤ।

ਜਿਹੜੇ ਰਾਵੀ ਦਿਆਂ ਪੱਤਣਾਂ ਤੇ ਮਾਰਦੇ ਆਵਾਜ਼ਾਂ,
ਮੋਏ ਮਿੱਤਰਾਂ ਦੇ ਨਾਲ ਆ ਜਾ ਅੱਖ ਤਾਂ ਮਿਲਾਈਏ।

ਕੀ ਦੱਸਾਂ ਕੀ ਦੱਸਾਂ ਯਾਰਾ, ਰਾਵੀ ਮੈਨੂੰ ਦੇਸ ਵਾਂਗ ਹੈ।
ਜਿੱਥੇ ਆਹ ਮੈਂ ਰਹਿੰਦਾ ਮਰਦਾਂ, ਇਹ ਤਾਂ ਸਭ ਪਰਦੇਸ ਵਾਂਗ ਹੈ।

ਇਸ ਤਰ੍ਹਾਂ ਰਾਵੀ ਗੁਰਭਜਨ ਗਿੱਲ ਕਾਵਿ ਵਿਚ ਥਾਂ-ਥਾਂ 'ਤੇ ਮੌਜੂਦ ਹੈ, ਜਿਉਂਦੇ ਜਾਗਦੀ ਰਹਿਤਲ ਦੀ ਨਿਸ਼ਾਨੀ ਵਜੋਂ, ਯਾਦ ਵਾਂਗ, ਵੰਡ ਦੇ ਜ਼ਖ਼ਮ ਦੀ ਨਿਸ਼ਾਨ-ਦੇਹੀ ਕਰਦੇ ਮੈਟਾਫ਼ਰ ਵਾਂਗ, ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਿਚਕਾਰ ਵੱਜੀ ਲੀਕ ਦੇ ਪ੍ਰਤੀਕ ਵਜੋਂ ਤੇ

10