ਪੰਨਾ:ਰਾਵੀ - ਗੁਰਭਜਨ ਗਿੱਲ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਆਦਿਕਾ
ਦਿਲ ਕੀਤਾ ਵਿਹੜਾ:
ਗੁਰਭਜਨ ਗਿੱਲ ਦੀ ਸ਼ਾਇਰੀ

ਗੁਰਭਜਨ ਗਿੱਲ ਦਾ ਕਾਵਿ-ਸੰਸਾਰ ਸਮੁੱਚੇ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ; ਇਹ ਉਹ ਪੰਜਾਬ ਹੈ, ਜਿੱਥੇ ਗੁਰਭਜਨ ਗਿੱਲ ਵੱਸਦਾ, ਹੱਸਦਾ, ਸਾਹ ਲੈਂਦਾ ਤੇ ਗ਼ਜ਼ਲਾਂ ਲਿਖਦਾ ਹੈ ਤੇ ਉਹ ਪੰਜਾਬ ਜੋ ਉਸ ਪੰਜਾਬ ਤੋਂ ਪਰੇ ਲਹਿੰਦੇ ਪੰਜਾਬ ਵਿਚ ਵੱਸਦਾ ਹੈ; ਜੰਮੂ, ਹਰਿਆਣੇ, ਦਿੱਲੀ ਤੇ ਹਿੰਦੋਸਤਾਨ ਦੇ ਹੋਰ ਸੂਬਿਆਂ ਵਿਚ ਵੱਸਦਾ ਹੈ, ਜੋ ਕਨੇਡਾ, ਯੋਰਪ, ਅਮਰੀਕਾ, ਆਸਟਰੇਲੀਆ ਤੇ ਹੋਰ ਦੇਸ਼ਾਂ-ਬਦੇਸ਼ਾਂ ਵਿਚ ਵੱਸਦਾ ਹੈ, ਉਹ ਪੰਜਾਬ ਜਿਸ ਦੇ ਕੋਈ ਹੱਦ ਬੰਨੇ ਨਹੀਂ ਹਨ, ਜਿਸ ਨੇ ਆਪਣੇ ਬੋਲ ਸ਼ੇਖ ਫਰੀਦ ਤੇ ਗੁਰੂ ਨਾਨਕ ਤੋਂ ਲਏ ਹਨ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਤੇ ਕਾਦਰ ਯਾਰ ਤੋਂ ਲਏ ਹਨ।

ਗੁਰਭਜਨ ਗਿੱਲ ਦੇ ਕਾਵਿ-ਸੰਸਾਰ ਵਿਚ ਦੋ ਉਪ-ਸੰਸਾਰ ਜਾਂ ਬਿਰਤਾਂਤ ਸਾਫ਼ ਵੇਖੇ ਜਾ ਸਕਦੇ ਹਨ, ਪੰਜਾਬ ਤੇ ਪੰਜਾਬੀਅਤ ਦਾ ਬਿਰਤਾਂਤ ਅਤੇ ਨਿੱਜਤਾ ਦਾ ਬਿਰਤਾਂਤ। ਪੰਜਾਬ ਤੇ ਪੰਜਾਬੀਅਤ ਦਾ ਬਿਰਤਾਂਤ ਦੇ ਮੋਕ੍ਹਲੇ ਵਿਹੜੇ ਵਿਚ ਗੁਰਭਜਨ ਗਿੱਲ ਪੰਜਾਬ ਦੇ ਅਤੀਤ ਅਤੇ ਅੱਜ ਦੀਆਂ ਬਾਤਾਂ ਪਾਉਂਦਾ ਹੈ। ਇਸ ਬਿਰਤਾਂਤ ਵਿਚ ਨਿਹਿਤ ਹੈ ਕਿ ਇਹ ਬਿਰਤਾਂਤ ਵੀਹਵੀਂ ਸਦੀ ਵਿਚ ਹੋਈ ਪੰਜਾਬ ਦੀ ਵੰਡ ਤੋਂ ਬਾਅਦ ਦੀ ਹੋਣੀ ਜੋ ਦੋਹਾਂ ਨੂੰ ਪੰਜਾਬ ਨੇ ਭੋਗੀ, ਇਹ (ਬਿਰਤਾਂਤ) ਉਨ੍ਹਾਂ ਨੂੰ ਕਲਾਵੇ ਵਿਚ ਲਵੇ। ਇਹ ਬਿਰਤਾਂਤ ਕੁਝ ਗੁੰਮ ਜਾਣ ਦਾ ਬਿਰਤਾਂਤ ਹੈ, ਲੁੱਟੇ ਜਾਣ, ਉੱਜੜ ਜਾਣ ਤੇ ਮੁੜ ਵੱਸਣ ਦਾ ਬਿਰਤਾਂਤ ਹੈ, ਜੜ੍ਹਹੀਣੇ ਹੋ ਜਾਣ ਤੇ ਫਿਰ ਜੜ੍ਹਾਂ ਲਾਉਣ ਦਾ ਬਿਰਤਾਂਤ, ਇਨ੍ਹਾਂ ਪ੍ਰਕਿਰਿਆਵਾਂ ਵਿਚ ਪਏ ਬੰਦੇ ਨੇ ਜੋ ਦੁੱਖ ਆਪਣੇ ਪਿੰਡੇ 'ਤੇ ਹੰਢਾਏ ਤੇ ਜਦੋ ਜਹਿਦ ਕੀਤੀ ਉਸ ਦਾ ਬਿਰਤਾਂਤ ਹੈ। ਗੁਰਭਜਨ ਗਿੱਲ ਇਨ੍ਹਾਂ ਸਭ ਗੱਲਾਂ ਦੀ ਨਿਸ਼ਾਨਦੇਹੀ ਕਰਦਾ, ਲਿਖਦਾ ਹੈ:

ਮਾਂ ਧਰਤੀ ਦਾ ਚੀਰ ਕੇ ਸੀਨਾ, ਅੱਧੀ ਰਾਤੀਂ ਕਿਹਾ ਆਜ਼ਾਦੀ,
ਕਿਉਂ ਘਰ ਬਾਰ ਗੁਆਚਾ ਸਾਡਾ, ਸਾਨੂੰ ਹੁਣ ਤੱਕ ਸਮਝ ਨਾ ਆਇਆ।

ਚਸ਼ਮਾਂ ਸੇਜ ਵਿਛਾਨੀਆਂ, ਦਿਲ ਕੀਤਾ ਵਿਹੜਾ-ਬੁੱਲ੍ਹੇ ਸ਼ਾਹ

9