ਪੰਨਾ:ਰਾਵੀ - ਗੁਰਭਜਨ ਗਿੱਲ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਣਿਆ ਸੀ ਮੈਂ ਜ਼ਖ਼ਮ ਦਿਲਾਂ ਦੇ, ਨਾਲ ਮੁਹੱਬਤ ਭਰ ਜਾਂਦੇ ਨੇ।
ਇੱਕ ਮੁਸਕਾਨ ਮਿਲੇ ਤਾਂ, ਡੁੱਬਦੇ, ਪੱਥਰ-ਚਿੱਤ ਵੀ ਤਰ ਜਾਂਦੇ ਨੇ।

ਇੱਕ ਅੱਧ ਰਿਸ਼ਮ ਉਧਾਰੀ ਦੇ ਦੇ, ਇਸ ਨੂੰ ਮੈਂ ਹਥਿਆਰ ਬਣਾਵਾਂ,
ਕਾਲਖ਼ ਦੇ ਵਣਜਾਰੇ ਨ੍ਹੇਰੇ, ਜੁਗਨੂੰ ਤੋਂ ਵੀ ਡਰ ਜਾਂਦੇ ਨੇ।

ਕੁਝ ਸਾਹਵਾਂ ਦੀ ਸਾਂਝੀ ਧੜਕਣ, ਜ਼ਿੰਦਗੀ ਹੈ ਰੰਗਾਂ ਦਾ ਮੇਲਾ,
ਬੇਕਦਰੇ, ਕੁਝ ਲੋਕ ਪਤਾ ਨਹੀਂ, ਕਿਉਂ ਬਦਰੰਗੀ ਕਰ ਜਾਂਦੇ ਨੇ।

ਮਹਿੰਗੀ ਵਸਤ ਪਿਆਰ ਦੀ ਪੂੰਜੀ, ਮੁਫ਼ਤ ਮਿਲਣ ਤੇ ਜੋ ਨਾ ਮਾਨਣ,
ਜ਼ਿੰਦਗੀ ਦੀ ਰਣਭੂਮੀ ਵਿੱਚ ਉਹ, ਜਿੱਤੀ ਬਾਜ਼ੀ ਹਰ ਜਾਂਦੇ ਨੇ।

ਬਾਜ਼ ਭਰੇ ਪਰਵਾਜ਼ ਕਦੇ ਨਾ, ਦਾਣਾ ਦੁਣਕਾ ਖਾਣ ਦੀ ਖ਼ਾਤਿਰ,
ਅੰਬਰ ਪਾਰ ਕਰਨ ਲਈ ਉਸਨੂੰ, ਲੈ ਕੇ ਹਿੰਮਤੀ ਪਰ ਜਾਂਦੇ ਨੇ।

ਮੇਰੇ ਤੇਰੇ ਵਰਗੇ ਸਾਰੇ, ਅੰਨ ਦੇ ਕੀੜੇ ਜਾਣ ਨਾ ਸਕਦੇ,
ਬਾਬਾ ਦੀਪ ਸਿੰਹੁ ਦੇ ਹਾਣੀ, ਸੀਸ ਤਲੀ ਕਿੰਜ ਧਰ ਜਾਂਦੇ ਨੇ।

ਦੋ ਵਾਰੀ ਇੱਕ ਸਾਲ 'ਚ ਤੱਕੀਏ, ਆਜ਼ਾਦੀ ਦਾ ਨੂਰੀ ਮੁਖੜਾ,
ਬਾਕੀ ਤਿੰਨ ਸੌ ਤਰੇਠ ਦਿਹਾੜੇ, ਬੱਦਲ ਪਰਦਾ ਕਰ ਜਾਂਦੇ ਨੇ।

29