ਪੰਨਾ:ਰਾਵੀ - ਗੁਰਭਜਨ ਗਿੱਲ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਕਮ ਦੇ ਚੰਨ ਮੁੰਦਰੀ ਅੰਦਰ, ਜੇ ਮੈਨੂੰ ਜੜ ਦਏ ਸੁਨਿਆਰਾ।
ਸੱਚ ਪੁੱਛੋ ਤਾਂ ਹੋਰ ਜਨਮ ਦੀ ਨਾ ਰਹੇ ਮੈਨੂੰ ਲੋੜ ਦੁਬਾਰਾ।

ਦਿਲ ਦੀ ਜੂਹੇ ਫਿਰੇ ਉਦਾਸੀ ਤੇ ਹਿਰਨੋਟੀਆਂ ਨੂਰੀ ਚਸ਼ਮਾਂ,
ਚੁੱਪ ਦਾ ਗੁੰਬਦ ਚਾਰ ਦੀਵਾਰੀ, ਅੰਦਰ ਦਰਦ ਸਮੁੰਦਰ ਖ਼ਾਰਾ।

ਪਹਿਲੀ ਤੱਕਣੀ ਦਾ ਉਹ ਜਲਵਾ, ਰੋਮ ਰੋਮ ਝਰਨਾਟਾਂ ਛਿੜੀਆਂ,
ਤੇਜ਼ ਤੇਰੀ ਤੱਕਣੀ ਦਾ ਤੋਬਾ, ਪਿਘਲ ਗਿਆਂ ਸਾਰੇ ਦਾ ਸਾਰਾ।

ਥਰਮਾਮੀਟਰ ਦੇ ਵਿੱਚ ਕੈਦੀ, ਇੱਕ ਅੱਧ ਬੂੰਦ ਭਟਕਦੀ ਜੀਕੂੰ,
ਮੈਨੂੰ ਜਾਪੇ ਤੜਪ ਮੇਰੀ ਹੈ, ਲੋਕੀਂ ਜਿਸਨੂੰ ਆਖਣ ਪਾਰਾ।

ਬਿਨ ਬੋਲੇ ਤੋਂ ਜਾਣ ਲਵਾਂ ਮੈਂ, ਧੁਰ ਅੰਦਰ ਕੁਝ ਠੀਕ ਜਿਹਾ ਨਾ,
ਰੂਹ ਤੋਂ ਰੂਹ ਵਿਚਕਾਰ ਤਾਰ ਦਾ, ਇਹ ਤੱਕ ਲੈ ਪ੍ਰਤਾਪ ਹੈ ਸਾਰਾ।

ਸ਼ੁਕਰ ਤੇਰਾ ਧੰਨਵਾਦ ਨੀ ਜਿੰਦੇ, ਜੇ ਨਾ ਲਾਉਂਦੀ ਫਿਰ ਕੀ ਹੁੰਦਾ,
ਸਾਰੀ ਜ਼ਿੰਦਗੀ ਦਾ ਇਹ ਹਾਸਿਲ, ਟੁੱਟਾ ਭੱਜਿਆ ਇੱਕ ਅੱਧ ਲਾਰਾ।

ਅੰਬਰ ਵਿੱਚ ਜਦ ਟਿਮਕ ਰਿਹਾ ਸਾਂ, ਰਾਤ ਹਨ੍ਹੇਰੀ ਅੰਦਰ ਮੈਂ ਵੀ,
ਤੇਰੀ 'ਵਾਜ਼ ਸੁਣੀ ਮੈਂ ਆਇਆ, ਲੋਕੀਂ ਆਖਣ ਟੁੱਟਿਆ ਤਾਰਾ।

30