ਪੰਨਾ:ਰਾਵੀ - ਗੁਰਭਜਨ ਗਿੱਲ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਸਾਹਾਂ ਵਿੱਚ ਸਾਂਭ ਲਵਾਂਗਾ, ਇਹ ਮੁਸਕਾਨ ਉਧਾਰੀ ਦੇ ਦੇ।
ਅੱਧ ਅਧੂਰੀ ਮੈਂ ਕੀ ਕਰਨੀ, ਜੇ ਦੇਣੀ ਤਾਂ ਸਾਰੀ ਦੇ ਦੇ।

ਰੁੱਤ ਬਸੰਤੀ ਵਾਂਗੂੰ ਖਿੜੀਏ, ਧਰਤ ਸੁਹਾਗਣ ਰੂਪਵੰਤੀਏ,
ਘਰ ਘਰ ਵੰਡਿਆ ਸ਼ਗਨਾਂ ਵੇਲਾ, ਮੈਨੂੰ ਵੀ ਇੱਕ ਖਾਰੀ ਦੇ ਦੇ।

ਮਹਿਕਵੰਤੀਏ, ਕਲਾਵੰਤੀਏ, ਰੂਹ ਵੱਲੋਂ ਵੀ ਸੁਹਜਵੰਤੀਏ,
ਇਹ ਸਾਰਾ ਕੁਝ ਮੇਰੇ ਕੰਮ ਦਾ, ਭਰ ਕੇ ਇੱਕ ਪਟਾਰੀ ਦੇ ਦੇ।

ਬ੍ਰਹਿਮੰਡਲ ਸਭ ਅੰਬਰ, ਜਲ, ਥਲ, ਪੌਣਾਂ ਅੰਦਰ ਨੂਰ ਭਰਾਂਗਾ,
ਏਨਾ ਕਰਮ ਕਮਾ ਦੇ ਹੁਣ ਤੂੰ, ਸੂਰਜ ਪਾਰ ਉਡਾਰੀ ਦੇ ਦੇ।

ਹੇ ਕੁਦਰਤ ਤੂੰ ਜੋ ਜੋ ਵੰਡਦੀ, ਮਹਿਕਾਂ ਖੁਸ਼ੀਆਂ ਅਣਮੁੱਕ ਖੇੜੇ,
ਮੈਂ ਤੇਰੇ ਦਰ ਖੜ੍ਹਾ ਸਵਾਲੀ, ਮੈਨੂੰ ਜਲਵਾਕਾਰੀ ਦੇ ਦੇ।

ਬੰਦ ਕਮਰਾ ਸੰਸਾਰ ਵਚਿੱਤਰ ਕੰਕਰੀਟ ਦਾ ਨਿਕ ਸੁਕ ਮਾਰੂ,
ਹੋਰ ਕਿਤੇ ਪਥਰਾ ਨਾ ਜਾਵਾਂ, ਵਿੱਚ ਬਗੀਚੇ ਬਾਰੀ ਦੇ ਦੇ।

ਆਪਣੀ ਹਉਮੈਂ ਪਾਰ ਕਰਨ ਦੀ, ਸ਼ਕਤੀ ਦੇ ਤੂੰ ਦਾਨਵੰਤੀਏ,
ਮੇਰੀ ਬੁੱਕਲ ਵੱਡੀ ਕਰ ਦੇ, ਵਿੱਚੇ ਧਰਤ ਪਿਆਰੀ ਦੇ ਦੇ।

31